ਇਸਲਾਮਾਬਾਦ: ਪਾਕਿਸਤਾਨ ਦੀ ਕਿਸਮਤ ਦਾ ਫੈਸਲਾ ਕੱਲ੍ਹ ਹੋਏਗਾ। ਬੁੱਧਵਾਰ ਨੂੰ ਪਾਕਿਸਤਾਨ ਵਿੱਚ ਆਮ ਚੋਣਾਂ ਹੋਣਗੀਆਂ। ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਵਿੱਚ 272 ਸੀਟਾਂ ’ਤੇ ਸਿੱਧੀ ਵੋਟਿੰਗ ਹੋਏਗੀ। ਦੇਸ਼ ਵਿੱਚ ਕੁੱਲ 10 ਕਰੋੜ 59 ਲੱਖ 55 ਹਜ਼ਾਰ 407 ਰਜਿਸਟਰਡ ਵੋਟਰ ਦੇਸ਼ ਦੀ ਤੀਜੀ ਸਥਾਈ ਸਰਕਾਰ ਬਣਾਉਣਗੇ। ਪਾਕਿਸਤਾਨ ਵਿੱਚ ਬਹੁਮਤ ਲਈ ਇੱਕ ਪਾਰਟੀ ਨੂੰ ਜਨਰਲ ਸੀਟਾਂ ਵਿੱਚੋਂ 137 ਸੀਟਾਂ ਹਾਸਲ ਕਰਨੀਆਂ ਪੈਣਗੀਆਂ। ਚੋਣ ਸਰਵੇਖਣ ਵਿੱਚ ਕ੍ਰਿਕੇਟਰ ਇਮਰਾਨ ਖਾਨ ਦੀ ਪਾਰਟੀ ਅੱਗੇ ਹੈ। SDPI ਤੇ ਹੇਰਾਲਡ ਮੈਗਜ਼ੀਨ ਮੁਤਾਬਕ ਸਰਵੇਖਣ ਵਿੱਚ ਪਾਕਿਸਤਾਨ ਇਨਸਾਫ ਪਾਰਟੀ, ਸੱਤੀਧਾਰੀ ਮੁਸਲਿਮ ਲੀਗ ਤੋਂ 4 ਫੀਸਦੀ ਵੋਟਾਂ ਨਾਲ ਅੱਗੇ ਹੈ। ਇਨ੍ਹਾਂ ਚੋਣਾਂ ਵਿੱਚ ਦੇਸ਼ ਦੀ ਸਰਕਾਰ ਚਲਾ ਰਹੀ ਨਵਾਜ਼ ਸ਼ਰੀਫ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ)’ ਤੇ 2008-2013 ਦੌਰਾਨ ਪਹਿਲੇ ਇਤਿਹਾਸਕ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਜਿੱਤਣ ਦੀ ਆਸ ਲਾਈ ਬੈਠੀਆਂ ਹਨ। ਇਨ੍ਹਾਂ ਦੋਵਾਂ ਪਾਰਟੀਆਂ ਵਿੱਚ ਤੇਜ਼ੀ ਨਾਲ ਉੱਭਰਦੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੂੰ ਕਈ ਕ੍ਰਿਕਟਰਾਂ ਦਾ ਸਮਰਥਨ ਹਾਸਲ ਹੈ। ਇਸ ਦੇ ਨਾਲ ਹੀ ਸੂਬਾਈ ਚੋਣਾਂ ਲਈ ਵੀ ਦੇਸ਼ ਭਰ ਵਿੱਚ ਵੋਟਾਂ ਪੈਣਗੀਆਂ। ਹੇਠਲੇ ਸਦਨ ਵਿੱਚ 272 ਸੀਟਾਂ ’ਚੋਂ ਕੁੱਲ 70 ਸੀਟਾਂ ਰਾਖਵੇਂ ਕੋਟੇ ਵਿੱਚ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ 60 ਮਹਿਲਾਵਾਂ ਤੇ 10 ਘੱਟ ਗਿਣਤੀਆਂ ਦੇ ਖਾਤੇ ਆਉਂਦੀਆਂ ਹਨ।