ਨਵੀਂ ਦਿੱਲੀ: ਮੁੰਬਈ 'ਚ ਹੋਏ 26/11 ਅੱਤਵਾਦੀ ਹਮਲੇ 'ਚ ਸ਼ਾਮਲ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ 'ਤੇ ਸ਼ਿਕਾਗੋ ਦੀ ਜੇਲ੍ਹ 'ਚ ਕੈਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਹੈਡਲੀ ਦੇ ਸਿਰ ਤੇ ਢਿੱਡ 'ਚ ਗੰਭੀਰ ਸੱਟਾਂ ਲੱਗੀਆਂ ਹਨ। ਹੈਡਲੀ ਨੂੰ ਨਾਰਥ ਅਨਵਸਟੋਨ ਹਸਪਤਾਲ ਦੇ ਆਈਸੀਯੂ 'ਚ ਸਖਤ ਸੁਰੱਖਿਆ ਹੇਠ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਹੇਡਲੀ 'ਤੇ ਹਮਲਾ ਕਰਨ ਵਾਲੇ ਦੋਵੇਂ ਸਕੇ ਭਰਾ ਹਨ। ਉਹ ਕਈ ਸਾਲ ਪਹਿਲਾਂ ਇੱਕ ਪੁਲਿਸ ਵਾਲੇ 'ਤੇ ਹਮਲਾ ਕਰਨ ਦੇ ਦੋਸ਼ 'ਚ ਜੇਲ੍ਹ 'ਚ ਬੰਦ ਹਨ। ਡੇਵਿਡ ਕੋਲਮੈਨ ਦਾ ਅਸਲੀ ਨਾਂ ਦਾਊਦ ਸਈਅਦ ਗਿਲਾਨੀ ਹੈ। ਉਸ ਦਾ ਜਨਮ ਅਮਰੀਕਾ 'ਚ ਹੋਇਆ ਸੀ। ਉਸ ਦੇ ਪਿਤਾ ਸਈਅਦ ਸਲੀਮ ਗਿਲਾਨੀ ਨਾਮਵਰ ਪਾਕਿਸਤਾਨੀ ਡਿਪਲੋਮੈਟ ਤੇ ਬ੍ਰਾਡਕਾਸਟਰ ਸਨ।

26/11 ਹਮਲੇ 'ਚ ਹੈਡਲੀ ਦੀ ਸ਼ਮੂਲੀਅਤ

ਇਸ ਹਮਲੇ ਦੌਰਾਨ ਹੈਡਲੀ ਲਸ਼ਕਰ-ਏ-ਤੋਇਬਾ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਉਸ ਨੇ ਸਾਲ 2006 ਤੇ 2008 ਦਰਮਿਆਨ ਕਈ ਵਾਰ ਭਾਰਤ ਯਾਤਰਾ ਦੌਰਾਨ ਨਕਸ਼ੇ ਤੇ ਵੀਡੀਓਜ਼ ਬਣਾਏ ਤੇ ਹਮਲੇ ਲਈ ਤਾਜ ਹੋਟਲ, ਓਬਰਾਏ ਹੋਟਲ ਤੇ ਨਰੀਮਨ ਹਾਊਸ ਸਣੇ ਕਈ ਟਿਕਾਣਿਆ ਦੀ ਜਾਸੂਸੀ ਕੀਤੀ। ਹੈਡਲੀ ਦੀ ਜਾਸੂਸੀ ਨੇ ਹਮਲਾ ਕਰਨ ਵਾਲੇ ਲਸ਼ਕਰ ਦੇ ਅੱਤਵਾਦੀਆਂ ਨੂੰ ਅਹਿਮ ਜਾਣਕਾਰੀ ਦਿੱਤੀ ਸੀ। ਦੱਸ ਦਈਏ ਕਿ ਮੁੰਬਈ 'ਚ ਨਵੰਬਰ 2008 'ਚ ਹੋਏ ਹਮਲੇ 'ਚ 166 ਲੋਕਾਂ ਦੀ ਮੌਤ ਹੋਈ ਸੀ।

ਹੈਡਲੀ ਨੇ ਕਬੂਲੀ ਹਮਲੇ 'ਚ ਸ਼ਮੂਲੀਅਤ

ਸ਼ਿਕਾਗੋ ਦੀ ਜੇਲ੍ਹ ਤੋਂ ਮੁੰਬਈ ਦੀ ਅਦਾਲਤ 'ਚ ਗਵਾਹੀ ਦਿੰਦਿਆਂ ਹੈਡਲੀ ਨੇ ਕਿਹਾ ਸੀ ਕਿ ਪਾਕਿਸਤਾਨੀ ਅੱਤਵਾਦੀਆਂ ਨੇ 26/11 ਹਮਲੇ ਤੋਂ ਪਹਿਲਾਂ ਮੁੰਬਈ 'ਚ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਵੇਂ ਵਾਰ ਨਾਕਾਮ ਰਹੇ। ਉਸ ਨੇ ਮੰਨਿਆ ਕਿ ਉਹ ਲਸ਼ਕਰ ਦਾ ਕੱਟੜ ਸਮਰਥਕ ਸੀ ਤੇ ਇਸ ਬਾਬਤ ਅੱਠ ਵਾਰ ਭਾਰਤ ਆਇਆ ਸੀ।

ਹੈਡਲੀ ਨੇ ਕਿਹਾ ਸੀ ਕਿ ਹਾਫਿਜ਼ ਸਈਅਦ ਤੋਂ ਪ੍ਰਭਾਵਿਤ ਹੋ ਕੇ ਉਹ ਇਸ ਸੰਗਠਨ 'ਚ ਸ਼ਾਮਲ ਹੋਇਆ ਸੀ। ਉਸ ਨੇ ਸਾਲ 2002 'ਚ ਮੁਜ਼ੱਫਰਾਬਾਦ 'ਚ ਪਹਿਲੀ ਵਾਰ ਹਾਫਿਜ਼ ਸਈਅਦ ਨਾਲ ਟ੍ਰੇਨਿੰਗ ਲਈ ਸੀ। ਅੱਤਵਾਦੀ ਹਮਲਿਆਂ 'ਚ ਸ਼ਾਮਲ ਹੋਣ ਦੇ ਮਾਮਲੇ 'ਚ ਹੈਡਲੀ ਨੂੰ ਅਮਰੀਕਾ 'ਚ 35 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਕਿਹਾ ਕਿ 2009 'ਚ ਉਸ ਨੇ ਆਪਣਾ ਨਾਂ ਬਦਲ ਕੇ ਡੇਵਿਡ ਹੈਡਲੀ ਰੱਖ ਲਿਆ ਸੀ ਤਾਂ ਜੋ ਉਹ ਭਾਰਤ 'ਚ ਦਾਖਲ ਹੋ ਕੇ ਕੋਈ ਕਾਰੋਬਾਰ ਸ਼ੁਰੂ ਕਰ ਸਕੇ।