ਲੰਦਨ: ਯੂਕੇ ਦੇ 'ਤਾਕਤਵਰ' ਸਿੱਖ ਭਾਈਚਾਰੇ ਨੂੰ 2021 ਦੀ ਮਰਦਮੁਸ਼ਮਾਰੀ ਵਿੱਚ ਵੱਖਰੀ ਕੌਮ ਦਾ ਦਰਜਾ ਮਿਲਣ ਵਾਲਾ ਹੈ। ਯੂਕੇ ਅੰਕੜਾ ਅਥਾਰਟੀ ਨੇ ਕਿਹਾ ਕਿ ਇਸ ਕਦਮ ਨਾਲ ਸਿੱਖ ਭਾਈਚਾਰਾ ਸਰਕਾਰ ਤੋਂ ਮਿਲਦੀਆਂ ਕਈ ਜਨਤਕ ਸੇਵਾਵਾਂ ਦਾ ਪੂਰਨ ਲਾਹਾ ਵੀ ਚੁੱਕ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਵੱਖਰੀ ਕੌਮ ਨਹੀਂ ਸਮਝਿਆ ਜਾਂਦਾ।


ਪਿਛਲੇ ਸਾਲ, ਭਾਰਤੀ ਮੂਲ ਦੇ ਸੰਸਦ ਮੈਂਬਰਾਂ ਸਮੇਤ ਕੁੱਲ 100 ਬਰਤਾਨਵੀਂ ਐਮਪੀਜ਼ ਨੇ ਅਥਾਰਟੀ ਨੂੰ ਸਾਲ 2021 ਵਿੱਚ ਹੋਣ ਵਾਲੀ ਮਦਰਮੁਸ਼ਮਾਰੀ ਦੇ ਪ੍ਰੋਫਾਰਮੇ ਵਿੱਚ ਸਿੱਖਾਂ ਲਈ ਵੱਖਰੀ ਕੌਮ ਦਾ ਵਿਕਲਪ ਮੁਹੱਈਆ ਕਰਵਾਉਣ ਲਈ ਪੁੱਛਿਆ ਸੀ। ਸੰਡੇ ਟਾਈਮ ਦੀ ਰਿਪੋਰਟ ਮੁਤਾਬਕ ਇਸ ਸਮੇਂ ਦੇਸ਼ ਵਿੱਚ ਸਿੱਖਾਂ ਨੂੰ ਸਿਰਫ ਵੱਖਰੇ ਧਰਮ ਵਾਲੇ ਲੋਕ ਸਮਝਿਆ ਜਾਂਦਾ ਹੈ ਨਾ ਕਿ ਵੱਖਰੀ ਕੌਮ।

ਦੇਸ਼ ਦੀ ਸਭ ਤੋਂ ਤਾਜ਼ਾ ਮਰਦਮੁਸ਼ਮਾਰੀ ਸਾਲ 2011 ਦੌਰਾਨ 83,000 ਸਿੱਖਾਂ ਨੇ ਕੌਮ ਵਾਲੇ ਕਿਸੇ ਵੀ ਕੌਮ ਵਿਕਲਪ ਨੂੰ ਨਹੀਂ ਚੁਣਿਆ ਸੀ। ਇਸ ਲਈ ਕੌਮੀ ਅੰਕੜਾ ਦਫ਼ਤਰ (ONS) ਸਾਲ 2021 ਦੀ ਮਰਦਮੁਸ਼ਮਾਰੀ ਦੌਰਾਨ ਬਰਤਾਨੀਆ ਦੇ 4,30,000 ਤੋਂ ਵੱਧ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇਣ ਜਾ ਰਿਹਾ ਹੈ।

ਹੁਣ ਯੂਕੇ ਦੇ ਨਸਲ ਸਬੰਧੀ ਐਕਟ, 1976 ਤਹਿਤ ਸਿੱਖ ਖ਼ੁਦ ਨੂੰ ਕਾਨੂੰਨੀ ਤੌਰ 'ਤੇ ਭਾਰਤੀ ਜਾਂ ਬਰਤਾਨਵੀ ਭਾਰਤੀ ਦਰਸਾਉਂਦੇ ਹਨ। ਸਾਲ 2001 ਦੀ ਮਰਦਮੁਸ਼ਮਾਰੀ ਤੋਂ ਹੀ ਸਿੱਖ ਧਰਮ ਨੂੰ ਵੱਖਰਾ ਧਰਮ ਮੰਨਿਆ ਜਾ ਰਿਹਾ ਹੈ।

ਸਾਲ 2017 ਵਿੱਚ ਓਐਨਐਸ ਨੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਲਈ ਇੰਗਲੈਂਡ ਦੇ ਸੰਘਣੀ ਸਿੱਖ ਵਸੋਂ ਵਾਲੇ ਖਿੱਤਿਆਂ ਵਿੱਚ ਆਨਲਾਈਨ ਸਰਵੇਖਣ ਕਰਵਾਇਆ ਸੀ ਤਾਂ ਉਨ੍ਹਾਂ ਵਿੱਚੋਂ ਤਿੰਨ ਚੌਥਾਈ ਨੇ ਆਪਣਾ ਧਰਮ ਤੇ ਕੌਮ ਨੂੰ ਵੱਖੋ-ਵੱਖ ਤੌਰ 'ਤੇ ਸਿੱਖ ਹੀ ਦੱਸਿਆ ਸੀ।