ਟੋਕੀਓ: ਜਾਪਾਨ ਦੇ ਉੱਤਰੀ ਹਿੱਸੇ 'ਚ ਆਏ ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਅੱਜ 30 ਹੋ ਗਈ। ਹਾਲਾਂਕਿ, ਰਾਹਤ ਤੇ ਬਚਾਅ ਕਰਮੀ ਚਿੱਕੜ ਤੇ ਮਲਬੇ 'ਚੋਂ ਅਜੇ ਵੀ ਲੋਕਾਂ ਦੀ ਭਾਲ ਕਰ ਰਹੇ ਹਨ। ਮਰਨ ਵਾਲੇ ਜ਼ਿਆਦਾਤਰ ਲੋਕ ਜਾਪਾਨ ਦੇ ਸ਼ਹਿਰ ਆਤਸੁਮਾ ਦੇ ਰਹਿਣ ਵਾਲੇ ਹਨ। 6.6 ਤੀਬਰਤਾ ਨਾਲ ਆਏ ਭੂਚਾਲ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਆਤਸੁਮਾ 'ਚ ਇਕ ਪਹਾੜੀ ਆਸ-ਪਾਸ ਦੇ ਘਰਾਂ 'ਤੇ ਡਿੱਗ ਗਈ ਸੀ।


ਸਥਾਨਕ ਸਰਕਾਰੀ ਅਧਿਕਾਰੀਆਂ ਮੁਤਾਬਕ ਆਤਸੁਮਾ 'ਚ ਨੌਂ ਲੋਕ ਅਜੇ ਵੀ ਲਾਪਤਾ ਹਨ। ਲਗਪਗ 400 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ 'ਚ ਆਪਣੇ ਭਰਾ ਨੂੰ ਖੋਅ ਦੇਣ ਵਾਲੇ ਅਕੀਰਾ ਮਾਤਸੁਸ਼ਿਤਾ ਨੇ ਦੱਸਿਆ ਕਿ ਇਸ ਤਰ੍ਹਾਂ ਜ਼ਮੀਨ ਦਾ ਖਿਸਕਣਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ।


ਉਨ੍ਹਾਂ ਕਿਹਾ ਕਿ ਦੇਖ ਕੇ ਲੱਗ ਰਿਹਾ ਸੀ ਕਿ ਕੋਈ ਵੀ ਨਹੀਂ ਬਚੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਕੇ 'ਤੇ ਰਾਹਤ ਤੇ ਬਚਾਅ ਕਾਰਜ 'ਚ 40 ਹਜ਼ਾਰ ਤੋਂ ਵੱਧ ਲੋਕ ਜੁੱਟੇ ਹੋਏ ਹਨ। ਉਹ ਮਲਬੇ ਤੋਂ ਲੋਕਾਂ ਨੂੰ ਜਿਉਂਦੇ ਕੱਢਣ ਲਈ ਯਤਨ ਕਰ ਰਹੇ ਹਨ। ਇਸ 'ਚ ਬੁਲਡੋਜ਼ਰ ਤੇ 75 ਹੈਲੀਕਾਪਟਰ ਲੱਗੇ ਹੋਏ ਹਨ।