Earthquake in Nepal: ਸ਼ੁੱਕਰਵਾਰ ਸਵੇਰੇ ਨੇਪਾਲ ਵਿੱਚ 6.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਪੂਰੇ ਹਿਮਾਲਿਆ ਖੇਤਰ ਵਿੱਚ ਮਹਿਸੂਸ ਕੀਤੇ ਗਏ। ਝਟਕੇ ਦੋ ਵਾਰ ਮਹਿਸੂਸ ਹੋਏ। ਪਹਿਲੀ ਵਾਰ ਕਾਠਮਾਂਡੂ ਦੇ ਨੇੜੇ ਤੇ ਦੂਜੀ ਵਾਰ ਭੂਚਾਲ ਬਿਹਾਰ ਬਾਰਡਰ ਦੇ ਨੇੜੇ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਕ, ਭੂਚਾਲ ਦਾ ਕੇਂਦਰ ਨੇਪਾਲ ਹੀ ਸੀ। ਇਸ ਭੂਚਾਲ ਵਿੱਚ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਨੇਪਾਲ 'ਚ ਆਇਆ ਭੂਚਾਲ
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਭੂਚਾਲ ਨੇਪਾਲ ਦੇ ਸਿੰਧੁਪਾਲਚੋਕ ਜ਼ਿਲ੍ਹੇ ਦੇ ਭੈਰਵ ਕੁੰਡਾ ਦੇ ਆਲੇ-ਦੁਆਲੇ ਸਵੇਰੇ ਲਗਭਗ 2.35 ਵਜੇ ਆਇਆ। ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਜ਼ ਨੇ ਭੂਚਾਲ ਦੀ ਤੀਬਰਤਾ 6.1 ਮਾਪੀ, ਜਦਕਿ ਭਾਰਤ ਦੇ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਇਸਦੀ ਤੀਬਰਤਾ 5.5 ਦਰਜ ਕੀਤੀ।
ਸ਼ਕਤੀਸ਼ਾਲੀ ਭੂਚਾਲ ਮੰਨਿਆ ਜਾਂਦਾ ਹੈ
6.1 ਤੀਬਰਤਾ ਵਾਲਾ ਭੂਚਾਲ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ, ਜਿਸ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਦੌਰਾਨ ਇਮਾਰਤਾਂ ਵਿੱਚ ਵੀ ਦਰਾਰਾਂ ਪੈ ਸਕਦੀਆਂ ਹਨ। ਉੱਥੇ ਹੀ, ਜਾਨ-ਮਾਲ ਦਾ ਵੀ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ।
ਨੇਪਾਲ ਦੇ ਅਧਿਕਾਰੀ ਨੇ ਦਿੱਤੀ ਜਾਣਕਾਰੀ
ਨੇਪਾਲ ਦੇ ਇੱਕ ਸੀਨੀਅਰ ਅਧਿਕਾਰੀ ਗਣੇਸ਼ ਨੇਪਾਲੀ ਨੇ ਰਾਇਟਰਜ਼ ਨੂੰ ਦੱਸਿਆ, "ਇਸ ਭੂਚਾਲ ਕਾਰਨ ਸਾਡੀ ਨੀਂਦ ਬੁਰੀ ਤਰ੍ਹਾਂ ਟੁੱਟ ਗਈ। ਅਸੀਂ ਘਰੋਂ ਬਾਹਰ ਨਿਕਲ ਆਏ। ਹੁਣ ਲੋਕ ਆਪਣੇ ਘਰ ਵਾਪਸ ਆ ਚੁੱਕੇ ਹਨ। ਅਜੇ ਤੱਕ ਕਿਸੇ ਵੀ ਨੁਕਸਾਨ ਜਾਂ ਜ਼ਖਮੀਆਂ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।"
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ
ਉੱਥੇ ਹੀ, ਲੋਕਾਂ ਨੇ ਪਟਨਾ 'ਚ ਭੂਚਾਲ ਦੌਰਾਨ ਇਮਾਰਤਾਂ ਅਤੇ ਛੱਤ ਦੇ ਪੱਖਿਆਂ ਨੂੰ ਹਿਲਦੇ ਹੋਏ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ। ਇੱਕ X ਯੂਜ਼ਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਲਗਭਗ 35 ਸਕਿੰਟ ਤੱਕ ਮਹਿਸੂਸ ਹੋਏ। ਇਕ ਹੋਰ ਯੂਜ਼ਰ ਨਿਖਿਲ ਸਿੰਘ ਨੇ ਲਿਖਿਆ, "ਬਿਹਾਰ ਦੇ ਪਟਨਾ 'ਚ ਤੀਬਰ ਭੂਚਾਲ ਮਹਿਸੂਸ ਹੋਏ। ਸਭ ਕੁਝ ਹਿਲ ਰਿਹਾ ਸੀ, ਪਰ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ ਹੈ।"
ਇੰਡੋਨੇਸ਼ੀਆ 'ਚ ਵੀ ਆਇਆ ਭੂਚਾਲ
26 ਫਰਵਰੀ ਦੀ ਸਵੇਰ ਇੰਡੋਨੇਸ਼ੀਆ ਵਿੱਚ ਵੀ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ 6.1 ਮਾਪੀ ਗਈ। ਇਹ ਭੂਚਾਲ ਉੱਤਰੀ ਸੁਲਾਵੇਸੀ ਪ੍ਰਾਂਤ ਦੇ ਨੇੜੇ ਸਮੁੰਦਰ ਵਿੱਚ ਆਇਆ, ਜਿਸ ਦੀ ਗਹਿਰਾਈ ਲਗਭਗ 10 ਕਿਲੋਮੀਟਰ (6.2 ਮੀਲ) ਸੀ। ਯੂਨਾਈਟਡ ਸਟੇਟਸ ਭੂਗੋਲਿਕ ਸਰਵੇਖਣ (USGS) ਮੁਤਾਬਕ, ਭੂਚਾਲ ਸਵੇਰੇ 6:55 ਵਜੇ (ਸਥਾਨਕ ਸਮਾਂ) ਤੇ ਆਇਆ। ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਨੇ ਸੁਨਾਮੀ ਆਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ।