ਦੋਹਾ: ਖ਼ਬਰ ਪੜ੍ਹ ਕੇ ਕੁਝ ਅਜੀਬ ਲੱਗੇਗੀ ਪਰ ਹੈ ਇਹ ਸੱਚ ਕਿ ਬਿੱਲੀ ਨੇ ਅੰਬਰੀਂ ਉੱਡ ਰਹੇ ਜਹਾਜ਼ ਨੂੰ 'ਅਗ਼ਵਾ' ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਵਿਗੜਦਾ ਦੇਖ ਪਾਇਲਟ ਨੇ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਜ਼ਮੀਨ 'ਤੇ ਉਤਾਰ ਲਿਆ। ਪੂਰਾ ਮਾਮਲਾ ਕੀ ਹੈ, ਹੇਠਾਂ ਪੜ੍ਹੋ-


ਬੀਤੇ ਦਿਨੀਂ ਸੂਡਾਨ ਦੀ ਰਾਜਧਾਨੀ ਖ਼ਰਤੂਮ ਤੋਂ ਇੱਕ ਜਹਾਜ਼ ਨੇ ਕਤਰ ਦੀ ਰਾਜਧਾਨੀ ਦੋਹਾ ਲਈ ਉਡਾਣ ਭਰੀ ਪਰ ਕੁਝ ਸਮੇਂ ਬਾਅਦ ਹੀ ਇਸ ਕੌਮਾਂਤਰੀ ਉਡਾਣ ਨੂੰ ਧਰਤੀ 'ਤੇ ਵਾਪਸ ਪਰਤਣਾ ਪਿਆ। ਪਾਇਲਟਾਂ ਨੂੰ ਖ਼ਦਸ਼ਾ ਹੋਇਆ ਕਿ ਜਹਾਜ਼ ਦੀ ਕਾਕਪਿੱਟ ਵਿੱਚ ਕੋਈ ਅਣਪਛਾਤਾ ਵਿਅਕਤੀ ਦਾਖ਼ਲ ਹੋ ਗਿਆ ਹੈ। ਇਸ ਲਈ ਉਨ੍ਹਾਂ ਐਮਰਜੈਂਸੀ ਲੈਂਡਿੰਗ ਕਰ ਦਿੱਤੀ।


ਦਰਅਸਲ, ਇਹ ਕੌਕਪਿੱਟ ਹੋਰ ਕੋਈ ਨਹੀਂ ਬਲਕਿ ਇੱਕ ਬਿੱਲੀ ਦਾਖ਼ਲ ਹੋ ਗਈ ਸੀ। ਬਿੱਲੀ ਗੁੱਸੇ ਵਿੱਚ ਸੀ ਅਤੇ ਉਸ ਨੇ ਜਹਾਜ਼ ਦੇ ਅਮਲੇ-ਫੈਲੇ ਦੇ ਨਹੁੰਦਰਾਂ ਮਾਰਨ ਦੀ ਕੋਸ਼ਿਸ਼ ਕੀਤੀ। ਹਮਲਾਵਰ ਹੋਈ ਬਿੱਲੀ ਨੂੰ ਕਰੂ ਮੈਂਬਰਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਬਿੱਲੀ ਨੇ ਪੂਰ 'ਕਾਕਪਿੱਟ' ਨੂੰ ਹਾਈਜੈਕ ਕਰ ਲਿਆ। ਅਜਿਹੇ ਵਿੱਚ ਪਾਇਲਟਾਂ ਕੋਲ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਉਤਾਰਨ ਤੋਂ ਬਗ਼ੈਰ ਕੋਈ ਚਾਰਾ ਨਹੀਂ ਸੀ ਬਚਿਆ।


ਲੈਂਡਿੰਗ ਉਪਰੰਤ ਜਹਾਜ਼ ਮੁੜ ਤੋਂ ਆਪਣੇ ਤੈਅ ਸਫਰ ਲਈ ਰਵਾਨਾ ਹੋ ਗਿਆ। ਸਥਾਨਕ ਏਅਰਪੋਰਟ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ।