ਵਾਸ਼ਿੰਗਟਨ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਦਿੱਤੇ ਆਪਣੇ ਪਹਿਲੇ ਭਾਸ਼ਣ ਵਿੱਚ ਭਾਰਤ ਦੇ ਵਾਤਾਵਰਣ ਰਿਕਾਰਡ ਦੀ ਆਲੋਚਨਾ ਕੀਤੀ ਹੈ। ਐਤਵਾਰ ਨੂੰ ਕਨਜ਼ਰਵੇਟਿਵਜ਼ ਦੇ ਇੱਕ ਸਮੂਹ ਨਾਲ ਗੱਲਬਾਤ ਦੌਰਾਨ ਟ੍ਰੰਪ ਨੇ ਜੋਅ ਬਾਇਡੇਨ ਵੱਲੋਂ ਪੈਰਿਸ ਦੇ ਜਲਵਾਯੂ ਤਬਦੀਲੀ ਸਮਝੌਤੇ ’ਚ ਮੁੜ ਸ਼ਾਮਲ ਹੋਣ ਦੇ ਫ਼ੈਸਲੇ ’ਤੇ ਹਮਲਾ ਬੋਲਿਆ।
ਟ੍ਰੰਪ ਨੇ ਕਿਹਾ ਕਿ ਅਸੀਂ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਰ ਚੀਨ, ਰੂਸ ਤੇ ਭਾਰਤ ਧੂੰਆਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਚੀਨ ਨੇ 10 ਸਾਲਾਂ ਲਈ ਕੀਤੇ ਜਾਣ ਵਾਲੇ ਇਸ ਕੰਮ ਦੀ ਸ਼ੁਰੂਆਤ ਨਹੀਂ ਕੀਤੀ। ਰੂਸ ਪੁਰਾਣੇ ਮਾਪਦੰਡਾਂ ਉੱਤੇ ਹੀ ਚੱਲ ਰਿਹਾ ਹੈ।
ਟ੍ਰੰਪ ਨੇ ਬਾਇਡੇਨ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਗ਼ੈਰਕਾਨੂੰਨੀ ਇਮੀਗ੍ਰੇਸ਼ਨ ਲਈ ਰਸਤੇ ਖੋਲ੍ਹ ਦਿੱਤੇ ਹਨ; ਜਦਕਿ ਇਮੀਗ੍ਰੇਸ਼ਨ ਯੋਗਤਾ ਦੇ ਆਧਾਰ ਉੱਤੇ ਹੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ‘ਟ੍ਰੰਪਵਾਦ’ ਦਾ ਅਰਥ ਹੈ ਮਜ਼ਬੂਤ ਸੀਮਾਵਾਂ, ਤਾਂ ਜੋ ਸਾਡੇ ਦੇਸ਼ ਵਿੱਚ ਲੋਕ ਯੋਗਤਾ ਦੇ ਆਧਾਰ ਉੱਤੇ ਆਉਣ। ਤਾਂ ਜੋ ਉਹ ਅੰਦਰ ਆ ਕੇ ਸਾਡੀ ਮਦਦ ਕਰ ਸਕਣ ਨਾ ਕਿ ਅਪਰਾਧੀ ਆਉਣ ਤੇ ਸਾਡੇ ਲਈ ਸਮੱਸਿਆਵਾਂ ਖੜ੍ਹੀਆਂ ਕਰਨ।