ਪੈਰਿਸ: ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਨੂੰ ਦੇਸ਼ ਦੇ ਦੱਖਣੀ ਹਿੱਸੇ ਦੇ ਦੌਰੇ ਦੌਰਾਨ ਭੀੜ 'ਚ ਮੌਜੂਦ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਸੁਰੱਖਿਆ ਕਰਮੀਆਂ ਨੇ ਥੱਪੜ ਮਾਰਨ ਵਾਲੇ ਸ਼ਖਸ ਨੂੰ ਤੁਰੰਤ ਕਾਬੂ ਕਰ ਲਿਆ।


ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਸੁਰੱਖਿਆ ਕਰਮੀਆਂ ਨਾਲ ਘਿਰੇ ਮੈਂਕਰੋ ਲੋਕਾਂ ਨੂੰ ਮਿਲਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਇਕ ਸ਼ਖਸ ਨੇ ਰਾਸ਼ਟਰਪਤੀ ਨਾਲ ਹੱਥ ਮਿਲਾਉਣ ਮਗਰੋਂ ਉਨ੍ਹਾਂ ਦੇ ਥੱਪੜ ਜੜ ਦਿੱਤਾ।






ਮੈਂਕਰੋ ਦੱਖਣ ਪੂਰਬੀ ਫਰਾਂਸ ਦੇ ਡ੍ਰੋਮ ਇਲਾਕੇ ਦੇ ਦੌਰੇ 'ਤੇ ਗਏ ਹੋਏ ਹਨ। ਇਸ ਦੌਰਾਨ ਉਹ ਹੋਟਲ ਮਾਲਕਾਂ ਤੇ ਵਿਦਿਆਰਥੀਆਂ ਨੂੰ ਮਿਲੇ ਤੇ ਕੋਵਿਡ ਮਹਾਮਾਰੀ ਤੋਂ ਬਾਅਦ ਜ਼ਿੰਦਗੀ ਲੀਹ 'ਤੇ ਲਿਆਉਣ ਦੀ ਚਰਚਾ ਕੀਤੀ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦਿਖਦਾ ਹੈ ਕਿ ਮੈਂਕਰੋ ਸਮਰਥਕਾਂ ਦੀ ਇਕ ਭੀੜ ਨੂੰ ਮਿਲਣ ਕਰੀਬ ਜਾਂਦੇ ਹਨ ਤਾਂ ਇਕ ਸ਼ਖਸ ਹੱਥ ਵਧਾ ਕੇ ਉਨ੍ਹਾਂ ਦੇ ਚਿਹਰੇ 'ਤੇ ਥੱਪੜ ਮਾਰ ਦਿੰਦਾ ਹੈ।






 


ਫਰਾਂਸੀਸੀ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਇਸ ਅਪਰਾਧ 'ਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜਯਾਂ ਕਾਸਟੈਕਸ ਨੇ ਇਸ ਘਟਨਾ ਨੂੰ ਲੋਕਤੰਤਰ ਦਾ ਅਪਮਾਨ ਦੱਸਿਆ ਹੈ।