ਸੰਯੁਕਤ ਰਾਸ਼ਟਰ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ  ਏਂਟੀਨੀਓ ਗੁਟੇਰੇਸ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਪੈਦਾ ਹੋਈਆਂ ਚੁਣੌਤੀਆਂ ਨੂੰ ਲੈਕੇ ਵਿਆਪਕ ਚਰਚਾ ਕੀਤੀ। ਬੈਠਕ ਦੌਰਾਨ ਜੈਸ਼ੰਕਰ ਨੇ ਕੌਮਾਂਤਰੀ ਪੱਧਰ 'ਤੇ ਤਤਕਾਲ ਤੇ ਪ੍ਰਭਾਵੀ ਕੌਮਾਂਤਰੀ ਟੀਕਾ ਹੱਲ ਤਲਾਸ਼ਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਸਾਲ ਜਨਵਰੀ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਗੈਰ ਸਥਾਈ ਮੈਂਬਰ ਦੇ ਤੌਰ 'ਤੇ ਭਾਰਤ ਦੇ ਸ਼ਾਮਲ ਹੋਣ ਤੋਂ ਬਾਅਦ ਜੈਸ਼ੰਕਰ ਦੀ ਸੰਯੁਕਤ ਰਾਸ਼ਟਰ ਪ੍ਰਮੁੱਖ ਨਾਲ ਇਹ ਪਹਿਲੀ ਮੁਲਾਕਾਤ ਸੀ।


ਜੈਸ਼ੰਕਰ ਨੇ ਕਰੀਬ ਇਕ ਘੰਟਾ ਚੱਲੀ ਬੈਠਕ ਤੋਂ ਬਾਅਦ ਟਵੀਟ ਕਰਕੇ ਕਿਹਾ, 'ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੀਨੀਓ ਗੁਟੇਰੇਸ ਦੇ ਨਾਲ ਬੈਠਕ 'ਚ ਵਿਆਪਕ ਚਰਚਾ ਹੋਈ। ਕੋਵਿਡ ਦੀਆਂ ਚੁਣੌਤੀਆਂ 'ਤੇ ਚਰਚਾ ਦੇ ਨਾਲ ਹੀ ਕੌਮਾਂਤਰੀ ਪੱਧਰ 'ਤੇ ਤਤਕਾਲ ਤੇ ਪ੍ਰਭਾਵੀ ਟੀਕਾਕਰਨ ਹੱਲ ਲੱਭਣ ਦੀ ਲੋੜ ਵੱਲ ਧਿਆਨ ਦਿਵਾਇਆ। ਜ਼ਿਆਦਾ ਉਤਪਾਦਨ ਤੇ ਉਚਿਤ ਵੰਡ ਯਕੀਨੀ ਬਣਾਉਣ ਲਈ ਟੀਕਾ ਪੂਰਤੀ ਨੂੰ ਮਜਬੂਤ ਕੀਤਾ ਜਾਣਾ ਬਹੁਤ ਮਹੱਤਵਪੂਰਨ ਹੈ।'


 






ਜੈਸ਼ੰਕਰ ਨੇ ਗੁਟੇਰੇਸ ਨਾਲ ਅਜਿਹੇ ਸਮੇਂ ਮੁਲਾਕਾਤ ਕੀਤੀ ਹੈ ਜਦੋਂ ਭਾਰਤ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਤੇ ਉਸ ਨੂੰ ਟੀਕੇ ਦੀ ਮੰਗ ਤੇ ਪੂਰਤੀ ਦੇ ਵਿਚ ਭਾਰੀ ਅੰਤਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਵਿਦੇਸ਼ ਮੰਤਰੀ ਨੇ ਹੋਰ ਟਵੀਟ 'ਚ ਕਿਹਾ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਪ੍ਰਮੁੱਖ ਦੇ ਨਾਲ ਵਾਤਾਵਰਣ ਸਬੰਧੀ ਕਦਮਾਂ 'ਤੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਭਾਰਤ ਦੀ ਅਹਿਮ ਭੂਮਿਕਾ ਦਾ ਵੀ ਜ਼ਿਕਰ ਕੀਤਾ ਤੇ ਅਗਸਤ 'ਚ ਉਸ ਦੀ ਅਗਵਾਈ ਦੌਰਾਨ ਅਹਿਮੀਅਤ ਨੂੰ ਵੀ ਸਾਂਝਾ ਕੀਤਾ। ਜੈਸ਼ੰਕਰ ਨੇ ਕਿਹਾ ਸ਼ਾਂਤੀ ਬਣਾਈ ਰੱਖਣ ਲਈ ਸਮੁੰਦਰੀ ਸੁਰੱਖਿਆ ਤੇ ਤਕਨੀਕ ਮੌਜੂਦਾ ਸਮੇਂ ਦੀ ਲੋੜ ਹੈ।