ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਲਗਾਤਾਰ ਵਿਰੋਧ ਹੋ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਸਮਰਥਨ ਵਿੱਚ ਵੀ ਕਈ ਦਿੱਗਜ ਉੱਤਰੇ ਹਨ। ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਪਹਿਲਕਦਮੀ ਤੋਂ ਬਾਅਦ ਸਿੱਧੂ ਦੀ ਆਲੋਚਨਾ ਤੇ ਸ਼ਲਾਘਾ ਦਾ ਦੌਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਪਰ ਹੁਣ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਨਵਜੋਤ ਸਿੱਧੂ ਦਾ ਪੱਖ ਪੂਰਿਆ ਹੈ।


ਅਬਦੁੱਲਾ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਸਿੱਧੂ ਖਿਲਾਫ ਮਾਹੌਲ ਬਣਾਉਣ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਰਿਸ਼ਤੇ ਹੋਰ ਖ਼ਰਾਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਸੁਧਰਨੇ ਚਾਹੀਦੇ ਹਨ ਪਰ ਅਜਿਹਾ ਕਰਨ ਨਾਲ ਗੁਆਂਢੀ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਹੋਰ ਨਿਘਾਰ ਆਵੇਗਾ।

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇਮਰਾਨ ਖ਼ਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਨਾਲ ਰਿਸ਼ਤੇ ਸੁਧਰਨ ਦੀ ਆਸ ਜਤਾਈ। ਨਾਲ ਹੀ ਉਨ੍ਹਾਂ ਪੀਐਮ ਨਰੇਂਦਰ ਮੋਦੀ ਨੂੰ ਨਸੀਹਤ ਦਿੱਤੀ ਕਿ ਉਹ ਵੀ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਕਸ਼ੇ ਕਦਮਾਂ 'ਤੇ ਚੱਲਣ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਦੇ ਮਸਲੇ ਉਦੋਂ ਹੀ ਸੁਲਝਣਗੇ ਜੇਕਰ ਸਾਡੇ ਵਿਚਰਾਕ ਦੋਸਤਾਨਾ ਮਾਹੌਲ ਹੋਵੇਗਾ।