ਨਵੀਂ ਦਿੱਲੀ: ਅਮਰੀਕਾ ਤੋਂ ਬਾਅਦ ਹੁਣ ਭਾਰਤ ਤੇ ਚੀਨ ਵਿਚਾਲੇ ਵੀ ਵਪਾਰਕ ਜੰਗ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ। ਭਾਰਤ ਨੇ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੀਤੀ ਵਿੱਚ ਸੋਧ ਕਰਦਿਆਂ ਚੀਨ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਮਗਰੋਂ ਚੀਨ ਨੇ ਸਖਤ ਇਤਰਾਜ਼ ਜਤਾਇਆ ਹੈ। ਚੀਨੀ ਦੂਤਾਵਾਸ ਦੇ ਬੁਲਾਰੇ ਜੀ ਰੌਂਗ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਾਰਤ ਨਵੀਂ ਨੀਤੀ ’ਤੇ ਵਿਚਾਰ ਕਰੇਗਾ ਤੇ ਵੱਖ-ਵੱਖ ਮੁਲਕਾਂ ਦੇ ਨਿਵੇਸ਼ਕਾਂ ਨਾਲ ਇਕਸਾਰ ਵਿਹਾਰ ਕਰੇਗਾ।

ਚੀਨੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਕੁਝ ਖ਼ਾਸ ਮੁਲਕਾਂ ਤੋਂ ਨਿਵੇਸ਼ ’ਤੇ ਭਾਰਤ ਵੱਲੋਂ ਜਾਰੀਆਂ ਨਵੀਆਂ ਹਦਾਇਤਾਂ ਵਿਸ਼ਵ ਵਪਾਰ ਸੰਗਠਨ ਦੇ ਸਿਧਾਤਾਂ ਦੀ ਉਲੰਘਣਾ ਕਰਦੇ ਹਨ। ਇਹ ਨੇਮ ਨਿਰਪੱਖ ਰਵੱਈਏ ਤੇ ਮੁਕਤ ਵਪਾਰ ਸਮਝੌਤਿਆਂ ਦਾ ਵੀ ਉਲੰਘਣ ਹੈ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਤਹਿਤ ‘ਵਾਧੂ ਰੋਕਾਂ’ ਚੀਨੀ ਨਿਵੇਸ਼ਕਾਂ ’ਤੇ ਸਿੱਧਾ ਅਸਰ ਪਾਉਣਗੀਆਂ। ਚੀਨ ਦੇ ਅਧਿਕਾਰੀ ਮੁਤਾਬਕ ਭਾਰਤ ਦੀ ਪ੍ਰਤੀਕਿਰਿਆ ਜੀ20 ਮੁਲਕਾਂ ਵਿਚਾਲੇ ਬਣੀ ਸਹਿਮਤੀ ਦੇ ਖ਼ਿਲਾਫ਼ ਹੈ। ਇਸ ਮੌਕੇ ਸਾਰੇ ਮੁਲਕ ਨਿਵੇਸ਼ ਲਈ ਮੁਕਤ, ਪਾਰਦਰਸ਼ੀ ਤੇ ਨਿਰਪੱਖ ਵਾਤਾਵਰਨ ਸਿਰਜਣ ਲਈ ਸਹਿਮਤ ਹੋਏ ਸਨ।

ਕਾਬਲੇਗੌਰ ਹੈ ਕਿ ਪਿਛਲੇ ਹਫ਼ਤੇ ਭਾਰਤ ਨੇ ਇਹ ਜ਼ਰੂਰੀ ਕਰ ਦਿੱਤਾ ਸੀ ਕਿ ਜਿਨ੍ਹਾਂ ਮੁਲਕਾਂ ਦੀ ਸਰਹੱਦ ਦੇਸ਼ ਨਾਲ ਖਹਿੰਦੀ ਹੈ, ਉਨ੍ਹਾਂ ਦੇਸ਼ਾਂ ਦੇ ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਲਾਜ਼ਮੀ ਪ੍ਰਵਾਨਗੀ ਲੈਣੀ ਪਵੇਗੀ। ਇਸ ਤਰ੍ਹਾਂ ਸਰਕਾਰ ਕਰੋਨਾਵਾਇਰਸ ਸੰਕਟ ਦੌਰਾਨ ਘਰੇਲੂ ਫਰਮਾਂ ਨੂੰ ਬਾਹਰੀ ਤਾਕਤਾਂ ਤੋਂ ਬਚਾਉਣਾ ਚਾਹੁੰਦੀ ਹੈ। ਕੋਵਿਡ-19 ਸੰਕਟ ਕਾਰਨ ਕਈ ਭਾਰਤੀ ਇਕਾਈਆਂ ਦੇ ਸ਼ੇਅਰ ਡਿੱਗ ਗਏ ਹਨ ਤੇ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਚੀਨ ਇਨ੍ਹਾਂ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਭਾਰਤ ਨੇ ਨੇਮ ਸਖ਼ਤ ਕਰ ਦਿੱਤੇ ਹਨ।