ਨਵੀਂ ਦਿੱਲੀ: ਡੋਮਿਨਿਕਨ ਰੀਪਬਲਿਕ ਏਅਰ ਕੈਰੀਅਰ ਰੈੱਡ ਏਅਰ ਦਾ ਜਹਾਜ਼ ਲੈਂਡਿੰਗ ਗੇਅਰ ਟੁੱਟਣ ਕਾਰਨ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ 'ਚ 126 ਲੋਕ ਸਵਾਰ ਸਨ।



ਰਨਵੇਅ 'ਤੇ ਜਹਾਜ਼ ਨੂੰ ਅਚਾਨਕ ਅੱਗ ਲੱਗ ਗਈ, ਹਾਲਾਂਕਿ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ। ਇਹ ਅੱਗ ਡੋਮਿਨਿਕਨ ਰੀਪਬਲਿਕ ਦੇ ਸੈਂਟੋ ਡੋਮਿੰਗੋ ਤੋਂ ਸੰਯੁਕਤ ਰਾਜ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆ ਰਹੀ ਰੈੱਡ ਏਅਰ ਦੀ ਉਡਾਣ 'ਤੇ ਲੈਂਡਿੰਗ ਗੇਅਰ ਡ੍ਰੌਪ ਕਾਰਨ ਲੱਗੀ।

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 126 ਲੋਕ ਸਵਾਰ ਸਨ ਤੇ ਉਨ੍ਹਾਂ 'ਚੋਂ ਤਿੰਨ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹੋਰ ਯਾਤਰੀਆਂ ਨੂੰ ਜਹਾਜ਼ ਤੋਂ ਟਰਮੀਨਲ ਤੱਕ ਲਿਜਾਇਆ ਜਾ ਰਿਹਾ ਹੈ।








ਮਿਆਮੀ-ਡੇਡ ਫਾਇਰ ਰੈਸਕਿਊ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਫਾਇਰਫਾਈਟਰਜ਼ ਨੇ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਈਂਧਨ ਲੀਕ ਨੂੰ ਘਟਾ ਰਹੇ ਹਨ। ਟੀਵੀ ਨਿਊਜ਼ ਦੇ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਇੱਕ ਰਨਵੇਅ ਦੇ ਨੇੜੇ ਘਾਹ 'ਤੇ ਫਿਸਲ ਗਿਆ ਅਤੇ ਅੱਗ ਲੱਗਣ ਕਾਰਨ ਕਾਲਾ ਧੂੰਆਂ ਅਸਮਾਨ 'ਚ ਛਾ ਗਿਆ। ਘੱਟੋ-ਘੱਟ ਤਿੰਨ ਅੱਗ ਬੁਝਾਊ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।