Los Angeles wildfires: ਲਾਸ ਏਂਜਲਸ ਦੇ ਜੰਗਲਾਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ, ਜਿਸ ਨੇ ਕਈ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸੜਕਾਂ ਜਾਮ ਹਨ। ਇਸ ਦੁਖਾਂਤ ਵਿੱਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਗ ਬੁਝਾਊ ਅਮਲੇ ਦਾ ਕਹਿਣਾ ਹੈ ਕਿ ਅੱਗ 'ਤੇ ਕਾਬੂ ਪਾਉਣ ਵਿੱਚ ਕੁਝ ਪ੍ਰਗਤੀ ਹੋਈ ਹੈ, ਹਾਲਾਂਕਿ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਕਾਰਨ ਅੱਗ ਦੁਬਾਰਾ ਭੜਕ ਸਕਦੀ ਹੈ, ਜਿਸ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਲਾਸ ਏਂਜਲਸ ਦੇ ਆਲੀਸ਼ਾਨ ਇਲਾਕਿਆਂ ਵਿੱਚ ਇੱਕ ਭਿਆਨਕ ਅੱਗ ਨੇ ਹਜ਼ਾਰਾਂ ਘਰ ਤਬਾਹ ਕਰ ਦਿੱਤੇ ਹਨ ਅਤੇ ਇਹ ਹਾਲੀਵੁੱਡ ਪਹਾੜੀਆਂ ਤੱਕ ਫੈਲ ਗਈ ਹੈ।
ਲਾਸ ਏਂਜਲਸ ਕਾਉਂਟੀ ਸ਼ੈਰਿਫ਼ (ਪੁਲਿਸ ਅਧਿਕਾਰੀ) ਰਾਬਰਟ ਲੂਨਾ ਨੇ ਮੀਡੀਆ ਨੂੰ ਦੱਸਿਆ, 'ਲਗਭਗ 10,000 ਘਰ ਅਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ, ਸਥਿਤੀ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਉਨ੍ਹਾਂ ਇਲਾਕਿਆਂ ਵਿੱਚ ਪ੍ਰਮਾਣੂ ਬੰਬ ਸੁੱਟ ਦਿੱਤਾ ਹੋਵੇ।' ਉਨ੍ਹਾਂ ਡਰ ਪ੍ਰਗਟਾਇਆ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਤੇ ਕਿਹਾ ਕਿ ਇਸ ਸਮੇਂ ਕੋਈ ਚੰਗੀ ਖ਼ਬਰ ਆਉਣ ਦੀ ਉਮੀਦ ਨਹੀਂ ਹੈ।
ਜੰਗਲ ਦੀ ਅੱਗ ਨੇ ਲਾਸ ਏਂਜਲਸ ਅਤੇ ਵੈਂਚੁਰਾ ਕਾਉਂਟੀਆਂ ਵਿੱਚ ਲਗਭਗ 960 ਏਕੜ ਨੂੰ ਪ੍ਰਭਾਵਿਤ ਕੀਤਾ ਹੈ। ਫਾਇਰਫਾਈਟਰਜ਼ ਨੇ 35 ਪ੍ਰਤੀਸ਼ਤ ਖੇਤਰ ਵਿੱਚ ਅੱਗ 'ਤੇ ਕਾਬੂ ਪਾ ਲਿਆ ਹੈ। ਹਰਸਟ ਅਤੇ ਲਿਡੀਆ ਦੇ ਫਾਇਰ ਅਧਿਕਾਰੀਆਂ ਨੇ 1,200 ਏਕੜ ਦੀ ਅੱਗ ਨੂੰ ਕਾਬੂ ਕਰਨ ਵਿੱਚ ਪ੍ਰਗਤੀ ਦੀ ਰਿਪੋਰਟ ਦਿੱਤੀ। ਜਦੋਂ ਕਿ ਹਰਸਟ ਵਿੱਚ ਅੱਗ 37 ਪ੍ਰਤੀਸ਼ਤ ਕਾਬੂ ਵਿੱਚ ਆ ਗਈ ਹੈ, ਲਿਡੀਆ ਵਿੱਚ ਇਹ ਅੰਕੜਾ 75 ਪ੍ਰਤੀਸ਼ਤ ਹੈ।
ਲਾਸ ਏਂਜਲਸ ਵਿੱਚ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਵੀ ਬੇਕਾਬੂ ਬਣਾ ਦਿੱਤਾ। ਜਿਵੇਂ ਹੀ ਹਵਾ ਦੀ ਗਤੀ ਥੋੜ੍ਹੀ ਘੱਟ ਹੋਈ, ਬਚਾਅ ਟੀਮ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਤੋਂ ਪਾਣੀ ਸੁੱਟਣ ਦੇ ਯੋਗ ਹੋ ਗਈ।
ਜੰਗਲ ਦੀ ਅੱਗ ਨੇ ਪੈਰਿਸ ਹਿਲਟਨ ਅਤੇ ਮੇਲ ਗਿਬਸਨ ਸਮੇਤ ਕਈ ਫਿਲਮੀ ਸਿਤਾਰਿਆਂ ਅਤੇ ਮਸ਼ਹੂਰ ਹਸਤੀਆਂ ਦੇ ਘਰ ਤਬਾਹ ਕਰ ਦਿੱਤੇ ਹਨ। ਲਾਸ ਏਂਜਲਸ ਕਾਉਂਟੀ ਸ਼ੈਰਿਫ ਰੌਬਰਟ ਲੂਨਾ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਤੋਂ ਲਗਭਗ 153,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਹੋਰ 166,800 ਲੋਕਾਂ ਨੂੰ ਆਪਣੇ ਘਰ ਛੱਡਣ ਅਤੇ ਲੋੜ ਪੈਣ 'ਤੇ ਸੁਰੱਖਿਅਤ ਥਾਂ 'ਤੇ ਜਾਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਸਾਰੇ ਨਿਕਾਸੀ ਖੇਤਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ।
ਇਸ ਦੌਰਾਨ, ਕੇਨੇਥ ਜੰਗਲ ਦੀ ਅੱਗ ਦੇ ਸਬੰਧ ਵਿੱਚ ਅੱਗ ਲਗਾਉਣ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਇੱਕ ਅੱਗ ਬੁਝਾਊ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਗੱਲ ਦਾ ਕੋਈ ਠੋਸ ਅਤੇ ਨਿਰਣਾਇਕ ਸਬੂਤ ਨਹੀਂ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ।