ਲਾਹੌਰ: ਪਾਕਿਸਤਾਨ 'ਚ ਪਹਿਲੇ ਸਿੱਖ ਪੁਲਿਸ ਅਫ਼ਸਰ ਨੂੰ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਪਿੱਛੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਟ੍ਰੈਫਿਕ ਪੁਲਿਸ ਅਧਿਕਾਰੀ ਅਲੀ ਨਵਾਜ਼ ਨੇ ਨੇ ਦੱਸਿਆ ਕਿ 35 ਸਾਲਾ ਗੁਲਾਬ ਸਿੰਘ ਪਿਛਲੇ ਤਿੰਨ ਮਹੀਨਿਆ ਤੋਂ ਡਿਊਟੀ ਤੋਂ ਗ਼ੈਰਹਾਜ਼ਰ ਸੀ ਜਿਸਦੇ ਚੱਲਦਿਆਂ ਉਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਜਦਕਿ ਗੁਲਾਬ ਸਿੰਘ ਨੇ ਕਿਹਾ ਕਿ ਉਹ ਮੈਡੀਕਲ ਛੁੱਟੀ 'ਤੇ ਚੱਲ ਰਹੇ ਸਨ।
ਕਿਉਂ ਹੋਈ ਕਾਰਵਾਈ ?
ਆਵਾਜਾਈ ਪੁਲਿਸ ਕਪਤਾਨ ਆਸਿਫ ਸਦੀਕ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਗੁਲਾਬ ਸਿੰਘ ਨੂੰ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਜਾਂਚ ਕਮੇਟੀ ਸਾਹਮਣੇ ਉਹ ਆਪਣੇ ਆਪ ਨੂੰ ਸਹੀ ਨਹੀਂ ਠਹਿਰਾ ਸਕੇ। ਜਦਕਿ ਗੁਲਾਬ ਸਿੰਘ ਡਿਪਟੀ ਇੰਸਪੈਕਟਰ ਜਨਰਲ ਦੇ ਦਫ਼ਤਰ ਆਪਣੇ ਖਿਲਾਫ ਹੋਈ ਕਾਰਵਾਈ ਲਈ ਅਪੀਲ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਗੁਲਾਬ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਵੇਕਯੂ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਉਸਨੂੰ ਉਸਦੇ ਬੱਚਿਆਂ ਤੇ ਪਤਨੀ ਸਮੇਤ ਲਾਹੌਰ ਨੇੜੇ ਡੇਰਾ ਚਾਹਲ 'ਚ ਸਥਿਤ ਉਸਦੇ ਘਰੋਂ ਜ਼ਬਰੀ ਕੱਢ ਦਿੱਤਾ ਗਿਆ ਸੀ।
ਗੁਲਾਬ ਸਿੰਘ ਦਾ ਕੀ ਕਹਿਣਾ ?
ਪੀਟੀਆਈ ਨਾਲ ਗੱਲ ਕਰਦਿਆਂ ਗੁਲਾਬ ਸਿੰਘ ਨੇ ਦੋਸ਼ ਲਾਏ ਕਿ ਟ੍ਰੈਫਿਕ ਪੁਲਿਸ ਦੇ ਐਸਪੀ ਨੇ ਵੀ ਇਵੇਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਕਹਿਣ 'ਤੇ ਹੀ ਉਸ ਖਿਲਾਫ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਬੋਰਡ ਨੇ ਟ੍ਰੈਫਿਕ ਪੁਲਿਸ ਕੋਲ ਪਹੁੰਚ ਕਰਕੇ ਮੈਨੂੰ ਜ਼ਬਰੀ ਘਰੋਂ ਕੱਢੇ ਜਾਣ ਵਾਲਾ ਕੇਸ ਵਾਪਸ ਲੈਣ ਲਈ ਜ਼ੋਰ ਬਣਾਉਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਇਕ ਦੁਰਘਟਨਾ ਹੋਣ ਕਾਰਨ ਉਹ ਛੁੱਟੀ 'ਤੇ ਚੱਲ ਰਿਹਾ ਸੀ ਤੇ ਉਸਨੇ ਬਾਕਾਇਦਾ ਆਪਣੀ ਛੁੱਟੀ ਦੀ ਅਰਜ਼ੀ ਦੇ ਨਾਲ ਮੈਡੀਕਲ ਸਰਟੀਫਿਕੇਟ ਵੀ ਨੱਥੀ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਕੋਲ ਮੇਰੇ ਖਿਲਾਫ ਐਕਸ਼ਨ ਲੈਣ ਲਈ ਹੋਰ ਕੋਈ ਮੁੱਦਾ ਨਹੀਂ ਸੀ ਤਾਂ ਮੇਰੀ ਛੁੱਟੀ ਨੂੰ ਮੁੱਦਾ ਬਣਾਇਆ ਗਿਆ। ਉਨ੍ਹਾਂ ਉਮੀਦ ਜਤਾਈ ਕਿ ਡੀਆਈਜੀ ਟ੍ਰੈਫਿਕ ਮੇਰੀ ਗੱਲ ਜ਼ਰੂਰ ਸੁਣਨਗੇ।
ਗੁਲਾਬ ਸਿੰਘ ਨੇ ਕਿਹਾ ਕਿ ਪਰ ਉਹ ਆਪਣੇ ਪਰਿਵਾਰ ਨੂੰ ਜ਼ਬਰੀ ਬੇਦਖਲ ਕਰਨ ਦੇ ਕੇਸ ਨੂੰ ਕਿਸੇ ਵੀ ਕੀਮਤ 'ਤੇ ਵਾਪਸ ਨਹੀਂ ਲੈਣਗੇ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਖੁਦ ਇਸ 'ਤੇ ਨੋਟਿਸ ਲੈ ਚੁੱਕੀ ਹੈ ਏਸੇ ਕਰਕੇ ਬੋਰਡ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਪਰ ਮੈਂ ਕੇਸ ਵਾਪਸ ਨਹੀਂ ਲਵਾਂਗਾ।