French Election: ਸਥਾਨਕ ਮੀਡੀਆ ਨੇ ਦੱਸਿਆ ਕਿ ਇਮੈਨੁਅਲ ਮੈਕ੍ਰੋਂ (Emmanuel Macron) ਨੇ ਐਤਵਾਰ (ਸਥਾਨਕ ਸਮੇਂ) ਨੂੰ 58.2 ਪ੍ਰਤੀਸ਼ਤ ਵੋਟਾਂ ਨਾਲ ਫਰਾਂਸ ਦੇ ਰਾਸ਼ਟਰਪਤੀ ਦੀ ਚੋਣ (France Presidential Election Results) ਜਿੱਤ ਲਈ ਹੈ। ਇਹ ਦੂਜੀ ਵਾਰ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਜਿੱਤੀ ਹੈ। ਉਹ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਬਣੇ ਰਹਿਣਗੇ। ਇਸ ਨਾਲ ਉਹ ਪਿਛਲੇ 20 ਸਾਲਾਂ 'ਚ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਫਰਾਂਸੀਸੀ ਰਾਸ਼ਟਰਪਤੀ (French President) ਬਣ ਗਏ ਹਨ। ਦੱਸ ਦਈਏ ਕਿ ਮੈਕ੍ਰੋਂ ਦੀ ਸੱਜੇ ਪੱਖੀ ਵਿਰੋਧੀ ਮਰੀਨ ਲੇ ਪੇਨ ਨੂੰ ਚੋਣਾਂ 'ਚ 41.8 ਫੀਸਦੀ ਵੋਟਾਂ ਮਿਲੀਆਂ।


ਸੱਜੇ ਪੱਖੀ ਆਗੂ ਮਰੀਨ ਲੇ ਪੇਨ ਨੇ ਵੀ ਰਾਸ਼ਟਰਪਤੀ ਦੀ ਦੌੜ ਵਿੱਚ ਹਾਰ ਮੰਨ ਲਈ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦਾ ਬੇਮਿਸਾਲ ਪ੍ਰਦਰਸ਼ਨ "ਆਪਣੇ ਆਪ ਵਿੱਚ ਇੱਕ ਸ਼ਾਨਦਾਰ ਜਿੱਤ" ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਪੰਜ ਸਾਲ ਪਹਿਲਾਂ ਮੈਕ੍ਰੋਂ ਨੇ 39 ਸਾਲ ਦੀ ਉਮਰ ਵਿੱਚ ਲੇ ਪੇਨ ਨੂੰ ਹਰਾ ਕੇ ਫਰਾਂਸ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ ਸੀ।


ਚੋਣਾਂ ਨੂੰ ਲੈ ਕੇ ਪੋਲਿੰਗ ਏਜੰਸੀਆਂ ਓਪੀਨੀਅਨ-ਵੇ, ਹੈਰਿਸ ਅਤੇ ਇਫੋਪ ਨੇ ਪਹਿਲਾਂ ਹੀ ਅੰਦਾਜ਼ਾ ਲਗਾਇਆ ਸੀ ਕਿ ਕੁੱਲ ਮਤਦਾਨ ਦਾ 57 ਪ੍ਰਤੀਸ਼ਤ 44 ਸਾਲਾ ਮੌਜੂਦਾ ਰਾਸ਼ਟਰਪਤੀ ਮੈਕ੍ਰੋਂ ਨੂੰ ਜਾਂਦਾ ਨਜ਼ਰ ਆ ਰਿਹਾ ਹੈ, ਜਦੋਂ ਕਿ ਮਰੀਨ ਲੇ ਪੇਨ ਨੂੰ 41.5 ਤੋਂ 43 ਪ੍ਰਤੀਸ਼ਤ ਵੋਟ ਮਿਲਣ ਦੀ ਸੰਭਾਵਨਾ ਹੈ। ਇਸ ਦੇ ਆਸ-ਪਾਸ ਨਤੀਜੇ ਵੀ ਆਏ ਹਨ, ਜਿਸ ਦੇ ਨਾਲ ਹੀ ਮੈਕ੍ਰੋਂ ਨੂੰ ਫਰਾਂਸ ਦੇ ਰਾਸ਼ਟਰਪਤੀ ਚੋਣ 'ਚ ਜਿੱਤ ਲਈ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।


ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਮੈਕ੍ਰੋਂ ਨੂੰ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਟਵੀਟ ਕਰਕੇ ਵਧਾਈ ਦਿੱਤੀ। ਜੌਨਸਨ ਨੇ ਟਵੀਟ ਕੀਤਾ, "ਇਮੈਨੁਅਲ ਮੈਕ੍ਰੋਂ  ਫਰਾਂਸ ਦੇ ਰਾਸ਼ਟਰਪਤੀ ਵਜੋਂ ਤੁਹਾਡੇ ਮੁੜ ਚੁਣੇ ਜਾਣ 'ਤੇ ਵਧਾਈਆਂ। ਫਰਾਂਸ ਸਾਡੇ ਸਭ ਤੋਂ ਨਜ਼ਦੀਕੀ ਅਤੇ ਸਭ ਤੋਂ ਮਹੱਤਵਪੂਰਨ ਸਹਿਯੋਗੀਆਂ ਚੋਂ ਇੱਕ ਹੈ। ਮੈਂ ਉਨ੍ਹਾਂ ਮੁੱਦਿਆਂ 'ਤੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ਜੋ ਸਾਡੇ ਦੋਵਾਂ ਦੇਸ਼ਾਂ ਅਤੇ ਸੰਸਾਰ ਲਈ ਸਭ ਤੋਂ ਮਹੱਤਵਪੂਰਨ ਹਨ।"


ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ, "ਫਰਾਂਸ ਦੇ ਰਾਸ਼ਟਰਪਤੀ ਅਤੇ ਯੂਕਰੇਨ ਦੇ ਇੱਕ ਸੱਚੇ ਮਿੱਤਰ, ਇਮੈਨੁਅਲ ਮੈਕ੍ਰੋਂ ਨੂੰ ਉਨ੍ਹਾਂ ਦੀ ਚੋਣ ਜਿੱਤ 'ਤੇ ਵਧਾਈ। ਮੈਂ ਫਰਾਂਸ ਦੇ ਲੋਕਾਂ ਦੇ ਫਾਇਦੇ ਲਈ ਇਮੈਨੁਅਲ ਮੈਕ੍ਰੋਂ ਦੀ ਨਵੀਂ ਸਫਲਤਾ ਦੀ ਕਾਮਨਾ ਕਰਦਾ ਹਾਂ।"


ਫਰਾਂਸ 24 ਮੁਤਾਬਕ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡ੍ਰੈਗੀ ਨੇ ਇੱਕ ਬਿਆਨ ਵਿੱਚ ਕਿਹਾ: "ਫਰਾਂਸ ਰਾਸ਼ਟਰਪਤੀ ਚੋਣ ਵਿੱਚ ਇਮੈਨੁਅਲ ਮੈਕ੍ਰੋਂ ਦੀ ਜਿੱਤ ਸਾਰੇ ਯੂਰਪ ਲਈ ਚੰਗੀ ਖ਼ਬਰ ਹੈ।"


ਇਹ ਵੀ ਪੜ੍ਹੋ: Punjab Minister Visit Delhi: 'ਸਿੱਖਿਆ ਤੇ ਸਿਹਤ ਸੇਵਾ ਮਾਡਲ' ਦੇਖਣ ਲਈ ਦਿੱਲੀ ਦੌਰੇ 'ਤੇ ਹੋਣਗੇ CM ਭਗਵੰਤ ਮਾਨ, ਨਾਲ ਮੌਜੂਦ ਰਹਿਣਗੇ ਪੰਜਾਬ ਦੇ ਅਧਿਕਾਰੀ