ਮਾਸਕੋ: ਫੀਫ਼ਾ ਵਿਸ਼ਵ ਕੱਪ ਦਾ ਫਾਈਨਲ ਅੱਜ ਲੁਜ਼ਿਨਕੀ ਸਟੇਡੀਅਮ ਵਿੱਚ ਫਰਾਂਸ ਤੇ ਕ੍ਰੋਏਸ਼ੀਆ ਵਿਚਕਾਰ ਖੇਡਿਆ ਜਾਵੇਗਾ। ਫਰਾਂਸ ਦੀਆਂ ਨਜ਼ਰਾਂ ਜਿੱਥੇ ਦੂਜੀ ਵਾਰ ਵਿਸ਼ਵ ਕੱਪ ਜਿੱਤਣ 'ਤੇ ਰਹਿਣਗੀਆਂ, ਉੱਥੇ ਹੀ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਕ੍ਰੋਏਸ਼ੀਆ ਇਹ ਸਿਰਮੌਰ ਖ਼ਿਤਾਬ ਆਪਣੇ ਨਾਂ ਕਰਨ ਲਈ ਉੱਤਰੇਗੀ।
ਫਰਾਂਸ ਸਾਲ 1998 ਵਿੱਚ ਚੈਂਪੀਅਨ ਰਹਿ ਚੁੱਕਿਆ ਹੈ। ਫਰਾਂਸ ਉਦੋਂ ਆਪਣੇ ਘਰ ਵਿੱਚ ਹੀ ਖੇਡ ਕੇ ਜਿੱਤਣ ਵਿੱਚ ਸਫ਼ਲ ਰਿਹਾ ਸੀ। ਹਾਲਾਂਕਿ, ਇਸ ਤੋਂ ਬਾਅਦ ਸਾਲ 2006 ਵਿੱਚ ਫਾਈਨਲ ਵਿੱਚ ਪੁੱਜੀ ਸੀ, ਪਰ ਇਟਲੀ ਤੋਂ ਹਾਰ ਗਈ ਸੀ। ਫਰਾਂਸ ਦਾ ਪਿਛਲੇ 20 ਸਾਲਾ ਦੌਰਾਨ ਇਹ ਤੀਜਾ ਫੀਫ਼ਾ ਕੱਪ ਫਾਈਨਲ ਹੈ। ਉੱਧਰ, ਕ੍ਰੋਏਸ਼ੀਆ ਕਦੇ ਵੀ ਫੀਫ਼ਾ ਕੱਪ ਜਿੱਤਣ ਵਿੱਚ ਕਾਮਯਾਬ ਨਹੀਂ ਰਹੀ।
ਫਰਾਂਸ ਤੇ ਕ੍ਰੋਏਸ਼ੀਆ ਦਾ ਫੁਟਬਾਲੀ ਇਤਿਹਾਸ-
ਦੋਵੇਂ ਦੇਸ਼ ਵਿਸ਼ਵ ਕੱਪ ਵਿੱਚ ਦੂਜੀ ਵਾਰ ਭਿੜਣ ਜਾ ਰਹੇ ਹਨ। ਪਹਿਲੀ ਵਾਰ ਸਾਲ 1998 ਵਿੱਚ ਫਰਾਂਸ ਤੇ ਕ੍ਰੋਏਸ਼ੀਆ ਦਰਮਿਆਨ ਫੀਫ਼ਾ ਕੱਪ ਦਾ ਸੈਮੀਫਾਈਨਲ ਖੇਡਿਆ ਗਿਆ ਸੀ, ਜਿਸ ਵਿੱਚ ਕ੍ਰੋਏਸ਼ੀਆ 1-2 ਨਾਲ ਹਾਰ ਗਿਆ ਸੀ। ਕੁੱਲ ਮਿਲਾ ਕੇ ਦੋਵੇਂ ਦੇਸ਼ ਕੁੱਲ 5 ਵਾਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਫਰਾਂਸ ਨੇ ਜਿੱਤੇ ਹਨ ਤੇ ਦੋ ਡਰਾਅ ਰਹੇ ਹਨ। ਕ੍ਰੋਏਸ਼ੀਆ ਨੂੰ ਫਰਾਂਸ 'ਤੇ ਪਹਿਲੀ ਜਿੱਤ ਤਲਾਸ਼ ਹੈ।
ਕਿਸ ਵਿੱਚ ਕਿੰਨਾ ਹੈ ਦਮ-
ਜੇਕਰ ਫੀਫ਼ਾ ਕੱਪ 2018 ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੇਸ਼ਾਂ ਨੇ ਕੁੱਲ ਛੇ-ਛੇ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਕੌਮਾਂਤਰੀ ਰੈਂਕਿੰਗ ਸੱਤ ਵਾਲੀ ਫਰਾਂਸ ਨੇ ਪੰਜ ਜਿੱਤੇ ਤੇ ਇੱਕ ਬੇਨਤੀਜਾ ਰਿਹਾ। ਉੱਧਰ, ਵਿਸ਼ਵ ਰੈਂਕਿੰਗ 20 'ਤੇ ਬਣੇ ਹੋਏ ਕ੍ਰੋਏਸ਼ੀਆ ਨੇ ਇਸ ਵਾਰ ਆਪਣੇ ਸਾਰੇ ਮੈਚ ਫ਼ਤਹਿ ਕੀਤੇ ਹਨ। ਫਰਾਂਸ ਆਪਣੇ ਛੇ ਮੈਚਾਂ ਦੌਰਾਨ ਕੁੱਲ 588 ਮਿੰਟ ਮੈਦਾਨ ਵਿੱਚ ਰਿਹਾ ਹੈ, ਜਦਕਿ ਕ੍ਰੋਏਸ਼ੀਆ ਨੇ 684 ਮਿੰਟ ਮੈਚ ਵਿੱਚ ਆਪਣਾ ਪਸੀਨਾ ਵਹਾਇਆ ਹੈ। ਉਸ ਨੇ ਪਿਛਲੇ ਛੇ ਮੈਚਾਂ ਦੌਰਾਨ ਦੋ ਮੈਚ ਪੈਨਲਟੀ ਸ਼ੂਟਆਊਟ ਤੇ ਇੱਕ ਮੈਚ ਵਾਧੂ ਸਮੇਂ ਵਿੱਚ ਜਿੱਤਿਆ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕ੍ਰੋਏਸ਼ੀਆ ਇਸ ਸਮੇਂ ਵਧੀਆ ਫਾਰਮ ਵਿੱਚ ਹੈ।
ਕੀ ਹੋਵੇਗਾ ਜੇਤੂ ਤੇ ਉਪ ਜੇਤੂ ਦਾ ਇਨਾਮ-
ਇੱਕ ਮਹੀਨੇ ਤੇ 63 ਮੈਚਾਂ ਤੋਂ ਬਾਅਦ ਫੀਫ਼ਾ ਕੱਪ ਆਪਣੇ ਫਾਈਨਲ ਵਿੱਚ ਪਹੁੰਚ ਗਿਆ ਹੈ। ਫਰਾਂਸ ਤੇ ਕ੍ਰੋਏਸ਼ੀਆ ਦਰਮਿਆਨ ਫਾਈਨਲ ਮੁਕਾਬਲੇ ਨੂੰ ਸੋਨੀ ਟੈਨ 'ਤੇ ਰਾਤ ਸਾਢੇ ਅੱਠ ਵਜੇ ਦੇਖਿਆ ਜਾ ਸਕਦਾ ਹੈ। ਫੀਫ਼ਾ ਕੱਪ ਦੇ ਜੇਤੂ ਨੂੰ ਟਰਾਫ਼ੀ ਤੋਂ ਇਲਾਵਾ 256 ਕਰੋੜ ਤੇ ਉਪ ਜੇਤੂ ਨੂੰ 188 ਕਰੋੜ ਰੁਪਏ ਮਿਲਣਗੇ। ਬੀਤੇ ਕੱਲ੍ਹ ਬੈਲਜੀਅਮ ਨੇ ਇੰਗਲੈਂਡ ਨੂੰ ਮਾਤ ਦੇ ਕੇ 161 ਕਰੋੜ ਰੁਪਏ ਵੱਟ ਲਏ।