ਬਰਲਿਨ: ਆਇਰਲੈਂਡ ਦੇ ਡਬਲਿਨ ਤੋਂ ਕ੍ਰੋਏਸ਼ੀਆ ਤੋਂ ਜਦਾਰ ਜਾਣ ਵਾਲੇ ਰਾਇਨਏਅਰ ਦੇ ਜਹਾਜ਼ ਵਿੱਚ ਸ਼ਨੀਵਾਰ ਨੂੰ ਆਕਸੀਜਨ ਦੀ ਕਮੀ ਨਾਲ 33 ਯਾਤਰੀਆਂ ਦੇ ਕੰਨਾਂ ਤੇ ਮੂੰਹ ਵਿੱਚੋਂ ਖ਼ੂਨ ਵਗਣ ਲੱਗ ਪਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆਉਣ ਲੱਗੀ। ਉਸ ਵੇਲੇ ਜਹਾਜ਼ ਕਰੀਬ 37 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ।

ਯਾਤਰੀਆਂ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਆਕਸੀਜਨ ਮਾਸਕ ਲਾਏ ਗਏ। ਜਰਮਨੀ ਦੇ ਫਰੈਂਕਫਰਟ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਇਲਾਜ ਦੇ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।

ਏਅਰਲਾਈਨ ਨੇ ਹਾਲ਼ੇ ਕੈਬਿਨ ਪ੍ਰੈਸ਼ਰ ਵਿੱਚ ਅਚਾਨਕ ਕਮੀ ਆਉਣ ਦੀ ਵਜ੍ਹਾ ਨਹੀਂ ਦੱਸੀ। ਜਹਾਜ਼ਾਂ ਦੀ ਜਾਣਕਾਰੀ ਰੱਖਣ ਵਾਲੀ ਵੈਬਸਾਈਟ ‘ਫਲਾਈਟ ਰਡਾਰ’ ਮੁਤਾਬਕ ਘਟਨਾ ਵੇਲੇ ਜਹਾਜ਼ 80 ਮਿੰਟਾਂ ਦੀ ਉਡਾਣ ਭਰ ਚੁੱਕਾ ਸੀ। ਸ਼ਿਕਾਇਤ ਆਉਣ ਪਿੱਛੋਂ ਪਾਇਲਟ ਜਹਾਜ਼ ਨੂੰ 7 ਮਿੰਟਾਂ ਅੰਦਰ 37 ਹਜ਼ਾਰ ਫੁੱਟ ਤੋਂ 10 ਹਜ਼ਾਰ ਫੁੱਟ ਦੇ ਉਚਾਈ ’ਤੇ ਲੈ ਆਏ ਸੀ।

ਇਸ ਸਬੰਧੀ ਯਾਤਰੀਆਂ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਦੱਸਿਆ ਕਿ ਐਮਰਜੈਂਸੀ ਲੈਂਡਿੰਗ ਕਰਨ ਦੇ ਬਾਅਦ ਵੀ ਉਨ੍ਹਾਂ ਨੂੰ 45 ਮਿੰਟਾਂ ਤਕ ਜਹਾਜ਼ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ।