ਇਸਲਾਮਾਬਾਦ: ਪਾਕਿਸਤਾਨ ਵਿੱਚ ਮੁਲਾਜ਼ਮਾਂ ਦੀ ਕਮੀ ਹੋਣ ਕਾਰਨ ਮੁਲਕ ’ਚ ਹੋਣ ਵਾਲੀਆਂ 2018 ਦੀਆਂ ਆਮ ਚੋਣਾਂ ਦੌਰਾਨ ਚੋਣ ਡਿਊਟੀ ਲਈ ਬੈਂਕ ਮੁਲਾਜ਼ਮਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਪਾਕਿਸਤਾਨੀ ਅਖ਼ਬਾਰ ਡਾਅਨ ਦੀ ਰਿਪੋਰਟ ਮੁਤਾਬਕ ਈਸੀਪੀ ਨੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੈਂਕ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਹੈ। ਸਟੇਟ ਬੈਂਕ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।
ਸਟੇਟ ਬੈਂਕ ਨੇ ਮੁਲਕ ਦੇ ਬਾਕੀ ਬੈਂਕਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਲਈ ਟਰੇਨਿੰਗ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸਿੰਧ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਜਲਦੀ ਹੀ ਮੁਲਾਜ਼ਮਾਂ ਨੂੰ ਇਸ ਦੀ ਟਰੇਨਿੰਗ ਦਿੱਤੀ ਜਾਏਗੀ।
ਡਾਅਨ ਵਿੱਚ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੈਂਕ ਮੁਲਾਜ਼ਮਾਂ ਨੂੰ ਵੋਟਿੰਗ ਦੌਰਾਨ ਆਪਣੀਆਂ ਸੇਵਾਵਾਂ ਦੇਣ ਲਈ ਕਿਹਾ ਗਿਆ ਹੈ। ਸੂਬਾਈ ਚੋਣਾਂ ਲਈ ਸਟੇਟ ਬੈਂਕ ਨੂੰ ਮਦਦ ਲਈ ਕਿਹਾ ਗਿਆ ਹੈ। ਈਸੀਪੀ ਦੇ ਅਨੁਮਾਨ ਮੁਤਾਬਕ ਚੋਣਾਂ ਲਈ ਲਗਪਗ 7,35,000 ਮੁਲਾਜ਼ਮਾਂ ਦੀ ਲੋੜ ਹੈ।