ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ ਬਲਾਤਕਾਰ ਦੇ ਮਾਮਲੇ ਨੂੰ ਅਦਾਲਤ ਨੇ ਰੱਦ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਜੱਜ ਨੇ ਇਹ ਫੈਸਲਾ ਉਦੋਂ ਸੁਣਾਇਆ ਜਦੋਂ ਪੀੜਤਾ ਨੇ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਉਹ ਇਸ ਕੇਸ ਨੂੰ ਖ਼ਤਮ ਕਰਨਾ ਚਹੁੰਦੀ ਹੈ ਤਾਂਕਿ ਉਹ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਸਕੇ। ਜੱਜ ਸਕਾਟ ਜਾਰਡਨ ਨੇ ਉਸ ਦੀ ਪਟੀਸ਼ਨ ਨੂੰ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਨਾ ਮੁਲਜ਼ਮ ਦੇ ਹਿੱਤ ‘ਚ ਹੋਵੇਗਾ।
ਪੀੜਤਾ ਨੇ ਕਿਹਾ ਸੀ ਉਸ ਦਾ ਪਰਿਵਾਰ ਇਸ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਘਟਨਾ ਨੂੰ 40 ਸਾਲ ਬੀਤ ਚੁੱਕੇ ਹਨ। 1977 ‘ਚ 43 ਸਾਲਾ ਫਿਲਮ ਡਾਇਰੈਕਟਰ ਪੋਲੰਸਕੀ ਨੇ 13 ਸਾਲ ਦੀ ਲੜਕੀ ਨਾਲ ਫੋਟੋ ਸੈਸ਼ਨ ਤੋਂ ਬਾਅਦ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪੋਲੰਸਕੀ ਨੂੰ ਇਕ ਨਾਬਾਲਗ ਨਾਲ ਗ਼ੈਰ ਕਾਨੂੰਨੀ ਤੌਰ ‘ਤੇ ਸਰੀਰਕ ਸਬੰਧ ਦੇ ਇਲਜ਼ਾਮ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ।