ਇਸਲਾਮਾਬਾਦ: ਪਾਕਿਸਤਾਨ 'ਚ ਇੱਕ ਟਰੇਨ 'ਚ ਅੱਗ ਲੱਗਣ ਕਾਰਨ 65 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਕਰੀਬ 13 ਹੋਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤਿਆਕਤਪੁਰ 'ਚ ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ 'ਚ ਅੱਗ ਲੱਗੀ ਹੈ। ਪਾਕਿਸਤਾਨ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।


ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਟਰੇਨ ਦੇ ਤਿੰਨ ਡੱਬੇ ਤਬਾਹ ਹੋ ਗਏ। ਹਾਦਸਾ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਕਸਬੇ ਨੇੜੇ ਹੋਇਆ। ਮੀਡੀਆ ਰਿਪੋਰਟਸ ਮੁਤਾਬਕ ਗੈਸ ਸਿਲੈਂਡਰ 'ਚ ਧਮਾਕਾ ਹੋਣ ਤੋਂ ਬਾਅਦ ਟਰੇਨ 'ਚ ਅੱਗ ਲੱਗੀ।


ਅੱਗ ਬਹੁਤ ਤੇਜ਼ੀ ਨਾਲ ਫੈਲੀ ਅਤੇ ਦੇਖਦੇ ਹੀ ਦੇਖਦੇ ਉਸ ਨੇ ਟਰੇਨ ਦੇ ਤਿੰਨ ਡੱਬਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਹ ਰਾਵਲਪਿੰਡੀ 'ਤੇ ਕਰਾਚੀ ਵਿਚਾਲੇ ਰੋਜ਼ਾਨਾ ਚੱਲਣ ਵਾਲੀ ਟਰੇਨ ਹੈ, ਜੋ ਰਾਵਲਪਿੰਡੀ ਜਾ ਰਹੀ ਸੀ। ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਜਾ ਰਿਹਾ ਹੈ।