ਚੰਡੀਗੜ੍ਹ: ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਵੱਲੋਂ ਪੰਜਾਬ ਵਿੱਚ ਮੁੜ ਅੱਤਵਾਦ ਦੇ ਖਤਰੇ ਦੀ ਚੇਤਾਵਨੀ ਦੇਣ ਮਗਰੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵਿੱਚ ਰੋਸ ਵਧ ਗਿਆ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਫੌਜ ਮੁਖੀ ਦੇ ਬਿਆਨ ਤੋਂ ਲੱਗਦਾ ਹੈ ਕਿ ਭਾਰਤੀ ਏਜੰਸੀਆਂ ਪੰਜਾਬ ਵਿੱਚ ਮੁੜ ਤਣਾਅ ਪੈਦਾ ਕਰਕੇ ਖਾਸ ਪਾਰਟੀਆਂ ਨੂੰ ਸਿਆਸੀ ਲਾਹਾ ਦੇਣਾ ਚਾਹੁੰਦੀਆਂ ਹਨ।

'ਰੈਫਰੈਂਡਮ 2020' ਦੇ ਕਾਰਕੁਨ ਸਾਹਬੀ ਸਿੰਘ ਨੇ ਯੂਬਾ ਸਿਟੀ ਦੇ ਨਗਰ ਕੀਰਤਨ 'ਚੋਂ ਜਨਰਲ ਰਾਵਤ ਨੂੰ ਜਵਾਬ ਦਿੰਦਿਆਂ ਵੀਡੀੳ ਪੋਸਟ ਕੀਤੀ ਹੈ। ਇਸ 'ਚ ਉਸ ਨੇ ਫੌਜ ਮੁਖੀ ਦੇ ਪੰਜਾਬ 'ਚ ਮਾਹੌਲ ਖਰਾਬ ਹੋਣ ਦੀ ਚੇਤਾਵਨੀ ਦਾ ਜਵਾਬ ਦਿੱਤਾ ਹੈ। ਉਨ੍ਹਾਂ ਵੱਲੋਂ ਜਨਰਲ ਰਾਵਤ ਤੇ ਯੂਪੀ ਦੇ ਸਾਬਕਾ ਡੀਜੀਪੀ ਪ੍ਰਕਾਸ਼ ਸਿੰਘ ਦਾ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਰੈਫਰੈਂਡਰਮ 2020 ਨੂੰ ਮਿਲ ਰਹੇ ਉਤਸ਼ਾਹ ਤੋਂ ਘਬਰਾਉਂਦਿਆਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।

ਕਾਬਲੇਗੌਰ ਹੈ ਕਿ ਬੀਤੇ ਦਿਨ ਹੀ ਭਾਰਤੀ ਫੌਜ ਮੁਖੀ ਜਨਰਲ ਰਾਵਤ ਵੱਲੋਂ ਪੰਜਾਬ 'ਚ ਦਹਿਸ਼ਤ ਦੀਆਂ ਵਧ ਰਹੀਆਂ ਸਰਗਰਮੀਆਂ ਨੂੰ ਠੱਲ੍ਹ ਪਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਜਲਦ ਇਸ ਨੂੰ ਰੋਕਿਆ ਨਹੀਂ ਗਿਆ ਤਾਂ ਬਹੁਤ ਦੇਰ ਹੋ ਜਾਵੇਗੀ।

ਉਧਰ, ਯੂਨਾਈਟਿਡ ਸਿੱਖ ਮੂਵਮੈਂਟ ਨੇ ਜਨਰਲ ਰਾਵਤ ਦੇ ਇਸ ਬਿਆ ਨੂੰ ਸਿਆਸਤ ਤੋਂ ਪ੍ਰੇਰਤ ਦੱਸਿਆ ਹੈ। ਯੂਨਾਈਟਿਡ ਸਿੱਖ ਮੂਵਮੈਂਟ ਦੇ ਲੀਡਰ ਭਗਵਾਨ ਸਿੰਘ, ਕੈਪਟਨ ਚਾਨਣ ਸਿੰਘ ਸਿੱਧੂ, ਗੁਰਨਾਮ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਫ਼ੌਜ ਦੇ ਮੁਖੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨਿਖੇਧੀ ਕਰਨਯੋਗ ਹਨ। ਸਿੱਖ ਜਥੇਬੰਦੀ ਦੇ ਲੀਡਰਾਂ ਨੇ ਕਿਹਾ ਕਿ ਫੌਜ ਮੁਖੀ ਵੱਲੋਂ ਇਸ ਤਰ੍ਹਾਂ ਫੋਬੀਆ ਬਣਾ ਕੇ ਜਾਪਦਾ ਹੈ ਕਿ ਸਰਕਾਰਾਂ ਇੱਕ ਵਾਰ ਫਿਰ ਪੰਜਾਬ ਤੇ ਸਿੱਖਾਂ ਨੂੰ ਤਣਾਅ ਦੇ ਦੌਰ 'ਚ ਸੁੱਟ ਦੇਣਗੀਆਂ।