ਚੰਡੀਗੜ੍ਹ: ਕੈਨੇਡਾ ਵਿੱਚ ਦੋ ਜਹਾਜ਼ਾਂ ਦੇ ਆਪਸ 'ਚ ਟਕਰਾਉਣ ਨਾਲ ਵੱਡਾ ਹਾਦਸਾ ਵਾਪਰਿਆ। ਦਰਅਸਲ ਦੋ ਛੋਟੇ ਜਹਾਜ਼ ਆਪਸ ਵਿੱਚ ਟਕਰਾ ਗਏ। ਇਸ ਦਰਮਿਆਨ ਇੱਕ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਕ ਪੁਲਿਸ ਮੁਤਾਬਕ ਇਹ ਘਟਨਾ ਓਟਾਵਾ ਤੋਂ ਤਕਰੀਬਨ 30 ਕਿਲੋਮੀਟਰ ਪੱਛਮ 'ਚ ਓਂਟਾਰੀਓ ਦੇ ਕਾਰਪ 'ਚ ਐਤਵਾਰ ਸਵੇਰੇ ਵਾਪਰੀ।
ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸੇਸਨਾ ਜਹਾਜ਼ ਦਾ ਪਾਇਲਟ ਇਕੱਲਾ ਹੀ ਉਡਾਣ ਭਰ ਰਿਹਾ ਸੀ। ਹਾਦਸੇ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪਾਈਪਰ ਜਹਾਜ਼ ਦੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਦੱਸਿਆ ਕਿ ਛੋਟੇ ਯਾਤਰੀ ਜਹਾਜ਼ ਨੇ ਹੇਠਾਂ ਤੋਂ ਉਸ ਦੇ ਜਹਾਜ਼ ਨੂੰ ਟੱਕਰ ਮਾਰੀ ਤੇ ਉਸ ਦੇ ਲੈਂਡਿੰਗ ਗੀਅਰ ਨੂੰ ਨੁਕਸਾਨ ਪੁੱਜਾ। ਘਟਨਾ 'ਚ ਪਾਈਪਰ ਜਹਾਜ਼ ਦਾ ਪਾਇਲਟ ਤੇ ਇਸ 'ਚ ਸਵਾਰ ਯਾਤਰੀ ਸੁਰੱਖਿਅਤ ਹਨ।