ਵਾਸ਼ਿੰਗਟਨ: ਐਚ-1ਬੀ ਵੀਜ਼ੇ ਦਿਵਾਉਣ ਬਦਲੇ ਦਸਤਾਵੇਜ਼ਾਂ ਵਿੱਚ ਹੇਰਫੇਰ ਕਰਨ ਦੇ ਇਲਜ਼ਾਮਾਂ ਹੇਠ ਇੱਕ 46 ਸਾਲਾਂ ਦੇ ਭਾਰਤੀ-ਅਮਰੀਕੀ ਨੂੰ ਕੈਲੀਫੋਰਨੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸ਼ੋਰ ਕੁਮਾਰ ਕਾਵੁਰੂ ਨੂੰ ਸ਼ੁੱਕਰਵਾਰ ਸਵੇਰੇ ਹਿਰਾਸਤ ਵਿੱਚ ਲਿਆ ਗਿਆ ਜਿਸ ਪਿੱਛੋਂ ਉਸ ਨੂੰ ਅਮਰੀਕੀ ਮੈਜਿਸਟਰੇਟ ਜੱਜ ਸੁਜ਼ਾਨ ਵੈਨ ਕਿਉਲੇਨ ਸਾਹਮਣੇ ਪੇਸ਼ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਉਸ ਨੂੰ ਨਿੱਜੀ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

2007 ਤੋਂ ਕਾਵੁਰੂ ਚਾਰ ਵੀਜ਼ਾ ਕੰਪਨੀਆਂ ਦਾ ਮਾਲਕ ਤੇ CEO ਸੀ। ਉਸ ’ਤੇ ਲੇਬਰ ਵਿਭਾਗ ਤੇ ਗ੍ਰਹਿ ਸੁਰੱਖਿਆ ਵਿਭਾਗ ਦੋਵਾਂ ਕੋਲ ਫਰਜ਼ੀ ਦਸਤਾਵੇਜ਼ ਜਮ੍ਹਾ ਕਰਾਉਣ ਦਾ ਇਲਜ਼ਾਮ ਹੈ ਜਿਨ੍ਹਾਂ ਵਿੱਚ ਵਿਦੇਸ਼ੀ ਮੁਲਾਜ਼ਮਾਂ ਲਈ ਫਰਜ਼ੀ ਕਾਰਜ ਪ੍ਰੋਜੈਕਟਾਂ ਦੇ ਬਿਓਰੇ ਦਾ ਜ਼ਿਕਰ ਕੀਤਾ ਗਿਆ ਹੈ। ਫੈਡਰਲ ਵਕੀਲ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਅਰਜ਼ੀਆਂ ਮਨਜ਼ੂਰ ਹੋ ਜਾਂਦੀਆਂ ਸੀ, ਇਸ ਲਈ ਕਾਵੁਰੂ ਕੋਲ ਬੇਰੁਜ਼ਗਾਰ ਐਚ-1ਬੀ ਵੀਜ਼ਾ ਲਾਭਪਾਤਰੀਆਂ ਦੀ ਚੰਗੀ ਤਾਦਾਦ ਸੀ, ਜੋ ਕਾਨੂੰਨੀ ਕਾਰਜ ਪ੍ਰੋਜੈਕਟਾਂ ਲਈ ਹਮੇਸ਼ਾ ਉਪਲੱਬਧ ਰਹਿੰਦੇ ਸਨ। ਇਸ ਤਰ੍ਹਾਂ ਉਸ ਨੂੰ ਵੀਜ਼ਾ ਅਰਜ਼ੀ ਦੀ ਲੰਮੀ ਪ੍ਰਕਿਰਿਆ ਤੋਂ ਗੁਜ਼ਰਨ ਵਾਲੀਆਂ ਹੋਰ ਕੰਪਨੀਆਂ ਦੇ ਮੁਕਾਬਲੇ ਜ਼ਿਆਦਾ ਲਾਭ ਮਿਲਦਾ ਸੀ।

ਫੈਡਰਲ ਵਕੀਲ ਨੇ ਦੱਸਿਆ ਕਿ ਆਪਣੀਆਂ ਕਨਸਲਟਿੰਗ ਕੰਪਨੀਆਂ ਜ਼ਰੀਏ ਕਾਵੁਰੂ ਨੇ ਐਚ-1ਬੀ ਵੀਜ਼ਾ ਸਾਫਟਵੇਅਰ ਇੰਜਨੀਅਰਾਂ ਲਈ ਘੱਟੋ-ਘੱਟ 43 ਅਰਜ਼ੀਆਂ ਦਿੱਤੀਆਂ ਸਨ। ਜਦਕਿ ਲਾਭ ਉਠਾਉਣ ਵਾਲੀਆਂ ਕੰਪਨੀ ਕੋਲ ਸਾਫਟਵੇਅਰ ਇੰਜਨੀਅਰ ਦੀ ਕੋਈ ਆਸਾਮੀ ਹੀ ਨਹੀਂ ਸੀ।

ਕਾਵੁਰੂ ’ਤੇ ਵੀਜ਼ਾ ਤੇ ਮੇਲ ਫਰਾਡ ਦੇ 10 ਮਾਮਲਿਆਂ ਵਿੱਚ ਧੋਖਾਧੜੀ ਕਰਨ ਦੇ ਇਲਜ਼ਾਮ ਲੱਗੇ ਸਨ। ਇਸ ਅਪਰਾਧ ਲਈ ਉਸਨੂੰ ਧੋਖਾਧੜੀ ਦੇ ਹਰ ਇੱਕ ਮਾਮਲੇ ’ਤੇ 10 ਸਾਲਾਂ ਦੀ ਕੈਦ ਤੇ 250,000 ਅਮਰੀਕੀ ਡਾਲਰ ਦਾ ਵੱਧ ਤੋਂ ਵੱਧ ਜ਼ੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਮੇਲ ਧੋਖਆਧੜੀ ਦੇ ਪ੍ਰਤੀ ਮਾਮਲੇ ਲਈ ਉਸ ਨੂੰ 20 ਸਾਲਾਂ ਦੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।