ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਟਵੀਟ ’ਤੇ HBO ਚੈਨਲ ਨੇ ਇਤਰਾਜ਼ ਜਤਾਇਆ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ‘ਸੈਂਕਸ਼ੰਸ ਆਰ ਕਮਿੰਗ ਨਵੰਬਰ 5’ ਲਿਖ ਕੇ ਆਪਣੀ ਫੋਟੋ ਨਾਲ ਟਵੀਟ ਕੀਤਾ ਸੀ। ਉਨ੍ਹਾਂ ਇਰਾਨ ’ਤੇ 5 ਨਵੰਬਰ ਤੋਂ ਲਾਗੂ ਹੋਣ ਵਾਲੀਆਂ ਅਮਰੀਕੀ ਪਾਬੰਧੀਆਂ ਸਬੰਧੀ ਅਜਿਹਾ ਲਿਖਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਚੈਨਲ ਨਾਲ ਟਰੰਪ ਦਾ ਪੁਰਾਣਾ ਵਿਵਾਦ ਚੱਲਦਾ ਆ ਰਿਹਾ ਹੈ। ਕਈ ਸਾਲ ਪਹਿਲਾਂ ਟਰੰਪ ਨੇ HBO ਚੈਨਲ ਖਿਲਾਫ ਟਵੀਟ ਵਾਰ ਛੇੜੀ ਸੀ।


HBO ਚੈਨਲ ਚੈਨਲ ਇਸਨੂੰ ਆਪਣੇ ਮਕਬੂਲ ਸ਼ੋਅ ਗੇਮ ਆਫ ਥਰੋਨਸ ਦੀ ਸਿਗਨੇਚਰ ਲਾਈਨ ‘ਵਿੰਟਰ ਇਜ਼ ਕਮਿੰਗ’ ਨਾਲ ਜੋੜ ਕੇ ਵੇਖ ਰਿਹਾ ਹੈ। ਟਰੰਪ ਦੇ ਸ਼ਬਦਾਂ ਵਿੱਚ ਅੰਗ੍ਰੇਜ਼ੀ ਦਾ ਅੱਖਰ ‘O’ ਵੀ ਵਰਟੀਕਲ ਕਰਾਸ ਕੀਤਾ ਹੋਇਆ ਹੈ ਜੋ ਹੂ-ਬ-ਹੂ ਗੇਮ ਆਫ ਥਰੋਨਸ ਦੇ ਲੋਗੋ ਵਾਂਗ ਦਿਖਾਈ ਦਿੰਦਾ ਹੈ। ਚੈਨਲ ਦੇ ਸ਼ੋਅ ਵਿੱਚ ‘ਵਿੰਟਰ ਇਜ਼ ਕਮਿੰਗ’ ਦਾ ਇਸਤੇਮਾਲ ਮੌਸਮ ਨਾਲ ਜੁੜੀ ਚੇਤਾਵਨੀ ਵਜੋਂ ਕੀਤਾ ਜਾਂਦਾ ਹੈ।



ਅਮਰੀਕੀ ਅਖਬਾਰ ‘ਨਿਊਯਾਰਕ ਟਾਈਮਜ਼’ ਮੁਤਾਬਕ HBO ਨੇ ਟਰੰਪ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਸਾਨੂੰ ਇਸ ਤੋਂ ਦੂਰ ਰੱਖੋ। ਅਸੀਂ ਆਪਣੇ ਟਰੇਡ ਮਾਰਕ ਦੀ ਸਿਆਸੀ ਇਸਤੇਮਾਲ ਨਹੀਂ ਕਰਨਾ ਚਾਹੁੰਦੇ। ਗੇਮ ਆਫ ਥਰੋਨਸ ਦੇ ਕਲਾਕਾਰਾਂ ਨੇ ਵੀ ਟਰੰਪ ਦੇ ਟਵੀਟ ਦੀ ਨਿੰਦਾ ਕੀਤੀ ਹੈ। ਇਸ ਵਿਵਾਦ ’ਤੇ ਸ਼ੁੱਕਰਵਾਰ ਸ਼ਾਮ ਤਕ ਵ੍ਹਾਈਟ ਹਾਊਸ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ।