ਬਰਲਿਨ- ਪਿਛਲੇ 6 ਮਹੀਨੇ ਤੋਂ ਜਰਮਨੀ ਵਿਚ ਚੱਲ ਰਹੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਖਤਮ ਹੋਣ ਵਾਲਾ ਹੈ। ਸੋਸ਼ਲ ਡੈਮੋਕ੍ਰੇਟਸ (ਐਸ ਪੀ ਡੀ) ਪਾਰਟੀ ਦੀ ਹਮਾਇਤ ਨਾਲ ਚਾਂਸਲਰ ਏਂਜਲਾ ਮਰਕੇਲ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਤਿਆਰ ਹੋ ਗਿਆ ਹੈ। ਮੱਧ ਮਾਰਚ ਤੱਕ ਨਵੀਂ ਸਰਕਾਰ ਬਣਨ ਦੀ ਸੰਭਾਵਨਾ ਜਤਾਈ ਗਈ ਹੈ ਤੇ ਏਂਜਲਾ ਮਰਕੇਲ ਚੌਥੀ ਵਾਰੀ ਚਾਂਸਲਰ ਦੀ ਸਹੁੰ ਚੁੱਕੇਗੀ।
ਵਰਨਣ ਯੋਗ ਹੈ ਕਿ ਪਿਛਲੇ ਸਾਲ 24 ਸਤੰਬਰ ਨੂੰ ਆਮ ਚੋਣਾਂ ਦੇ ਨਤੀਜੇ ਜਦੋਂ ਆਏ ਸਨ ਤਾਂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਜਰਮਨੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਸੀ। ਜਰਮਨ ਮੀਡੀਆ ਵਿਚ ਇਸ ਐਤਵਾਰ ਨੂੰ ਐਸ ਪੀ ਡੀ ਦੇ ਇਕ ਅਹੁਦੇਦਾਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਰਟੀ ਦੇ ਦੋ ਤਿਹਾਈ ਮੈਂਬਰਾਂ ਨੇ ਸਮਝੌਤਾ ਕਰਨ ਦੇ ਪੱਖ ਵਿਚ ਵੋਟ ਦਿੱਤੀ ਹੈ।
ਇਸ ਦਾ ਮਤਲਬ ਇਹ ਹੈ ਕਿ ਮਰਕੇਲ ਦੀ ਅਗਵਾਈ ਵਾਲਾ ਕੰਜ਼ਰਵੇਟਿਵ ਬਲਾਕ ਅਤੇ ਐਸ ਪੀ ਡੀ ਮਿਲ ਕੇ ਗਠਜੋੜ ਸਰਕਾਰ ਬਣਾਵੇਗਾ। ਏਂਜਲਾ ਮਰਕੇਲ ਹੁਣ ਚੌਥੀ ਵਾਰ ਚਾਂਸਲਰ ਅਹੁਦੇ ਦੀ ਸਹੁੰ ਚੁੱਕੇਗੀ। ਉਹ ਸਾਲ 2013 ਤੋਂ ਜਰਮਨੀ ਉੱਤੇ ਸ਼ਾਸਨ ਕਰ ਰਹੀ ਹੈ।
ਐਸ ਪੀ ਡੀ ਨੇ ਪਿਛਲੀ ਸਰਕਾਰ ਦੌਰਾਨ ਵੀ ਮਰਕੇਲ ਦੀ ਹਮਾਇਤ ਕੀਤੀ ਸੀ, ਪਰ ਚੋਣਾਂ ਤੋਂ ਪਹਿਲਾਂ ਗਠਜੋੜ ਤੋਂ ਵੱਖ ਹੋ ਗਈ ਸੀ। ਐਸ ਪੀ ਡੀ ਦੇ ਨੇਤਾ ਮਾਰਟਿਨ ਸ਼ੂਲਜ਼ ਨੇ ਪਾਰਟੀ ਕਾਰਕੁੰਨਾਂ ਨੂੰ ਕਿਹਾ ਕਿ ਪਾਰਟੀ ਅਗਲੀ ਜਰਮਨ ਸਰਕਾਰ ਵਿਚ ਸ਼ਾਮਲ ਹੋਵੇਗੀ। ਮਰਕੇਲ ਨੇ ਐਸ ਪੀ ਡੀ ਨੂੰ ਟਵਿੱਟਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਤੁਹਾਡੇ ਨਾਲ ਫਿਰ ਤੋਂ ਕੰਮ ਕਰਨ ਦੀ ਉਡੀਕ ਹੈ।