ਸੋਨਭਦਰ (ਉੱਤਰ ਪ੍ਰਦੇਸ਼): ਬੀਤੇ ਦਿਨੀਂ ਸਵਿੱਸ ਜੋੜੇ ਨਾਲ ਕੁੱਟਮਾਰ ਦੀ ਸ਼ਰਮਨਾਕ ਘਟਨਾ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਜਰਮਨ ਸੈਲਾਨੀ ਨਾਲ ਰੌਬਰਟਸਗੰਜ ਸਟੇਸ਼ਨ 'ਤੇ ਰੇਲਵੇ ਠੇਕੇਦਾਰ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।


ਬੀਤੇ ਸ਼ਨੀਵਾਰ ਠੇਕੇਦਾਰ ਅਮਨ ਕੁਮਾਰ ਨੇ ਹੌਲਗਰ ਇਰੀਕ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ। ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੇ ਪੁਲਿਸ ਨੂੰ ਦੇ ਦਿੱਤੀ। ਸਰਕਲ ਅਧਿਕਾਰੀ ਵਿਵੇਕਾਨੰਦ ਤਿਵਾੜੀ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਹਾਲਾਂਕਿ, ਰੇਲਵੇ ਠੇਕੇਦਾਰ ਨੇ ਸੈਲਾਨੀ 'ਤੇ ਹੀ ਇਲਜ਼ਾਮ ਲਾਇਆ ਕਿ ਜਦ ਉਸ ਨੇ ਇਰੀਕ ਨੂੰ 'ਭਾਰਤ ਵਿੱਚ ਸੁਆਗਤ ਹੈ', ਕਿਹਾ ਤਾਂ ਉਸ ਨੇ ਉਸ ਨੂੰ ਮਾਰਿਆ। ਉਸ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਬੀਤੀ 22 ਅਕਤੂਬਰ ਨੂੰ ਦੋ 24 ਸਾਲਾ ਸਵਿੱਸ ਨਾਗਰਿਕ ਕੁਇੰਟਿਨ ਜੇਰੇਮੀ ਕਲੇਰਕ ਤੇ ਉਸ ਦੀ ਪ੍ਰੇਮਿਕਾ ਮੈਰੀ ਡ੍ਰੋਜ਼ 'ਤੇ ਫ਼ਤਿਹਪੁਰ ਸਿਕਰੀ ਵਿੱਚ 5 ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ। ਜੋੜੇ ਦੇ ਜ਼ਖ਼ਮੀ ਹੋ ਜਾਣ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉੱਤਰ ਪ੍ਰਦੇਸ਼ ਸਰਕਾਰ ਨਾਲ ਸਖ਼ਤੀ ਵਰਤਦਿਆਂ ਮਾਮਲੇ ਦੀ ਰਿਪੋਰਟ ਦੇਣ ਨੂੰ ਕਿਹਾ ਸੀ।

ਇਸ ਤੋਂ ਬਾਅਦ ਕੇਂਦਰੀ ਸੈਰ ਸਪਾਟਾ ਰਾਜ ਮੰਤਰੀ ਕੇ. ਜੇ. ਐਲਫ਼ੋਂਸ ਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਖ਼ਤ ਲਿਖ ਕੇ ਖਿਚਾਈ ਕੀਤੀ ਸੀ ਕਿ ਇਸ ਤਰ੍ਹਾਂ ਦੇ ਵਾਕੇ ਦੇਸ਼ ਦੇ ਅਕਸ ਨੂੰ ਵਿਗਾੜਦੇ ਹਨ। ਮੰਤਰੀ ਨੇ ਜੋੜੇ ਨੂੰ ਦੇਸ਼ ਦੀ ਰਾਜਧਾਨੀ ਵਿੱਚ ਪੰਜ ਤਾਰਾ ਹੋਟਲ ਵਿੱਚ ਮੁਫ਼ਤ ਰਿਹਾਇਸ਼ ਦੀ ਪੇਸ਼ਕਸ਼ ਵੀ ਕੀਤੀ ਸੀ।