ਲਾਹੌਰ: ਪਾਕਿਸਤਾਨ ਦੀ ਕੌਮੀ ਏਅਰਲਾਈਨਜ਼ ਪੀਆਈਏ ਨੇ ਆਪਣੀ ਇਕ ਉਡਾਣ ਦੇ ਮੁਸਿਫ਼ਰਾਂ ਨੂੰ ਅੱਧਵਾਟੇ ਛੱਡ ਦਿੱਤਾ। ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇਕ ਜਹਾਜ਼ ਨੇ ਆਬੂ ਧਾਬੀ (ਯੂਏਈ) ਤੋਂ ਰਹੀਮ ਯਾਰ ਖਾਨ ਲਈ ਉਡਾਣ ਭਰੀ ਸੀ ਪਰ ਖ਼ਰਾਬ ਮੌਸਮ ਕਾਰਨ ਜਹਾਜ਼ ਨੂੰ ਲਾਹੌਰ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ ਤੇ ਮੁਸਿਫ਼ਰਾਂ ਨੂੰ ਕਿਹਾ ਗਿਆ ਕਿ ਉਹ ਬੱਸਾਂ ਰਾਹੀਂ ਆਪਣੇ ਟਿਕਾਣਿਆਂ 'ਤੇ ਚਲੇ ਜਾਣ।
ਅਮਲੇ ਦੇ ਮੈਂਬਰਾਂ ਨੇ ਮੁਸਿਫ਼ਰਾਂ ਨੂੰ ਲੋੜੀਂਦੀਆਂ ਬੱਸਾਂ ਤਕ ਛੱਡਣ ਦੀ ਵੀ ਪੇਸ਼ਕਸ਼ ਕੀਤੀ ਪਰ ਮੁਸਿਫ਼ਰਾਂ ਨੇ ਹਵਾਈ ਜਹਾਜ਼ ਤੋਂ ਉਤਰਣ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂ ਸਟਾਫ ਨੇ ਹਵਾਈ ਜਹਾਜ਼ ਦਾ ਏਅਰ ਕੰਡੀਸ਼ਨ ਸਿਸਟਮ ਬੰਦ ਕਰ ਦਿੱਤਾ ਜਿਸ ਕਾਰਨ ਮੁਸਿਫ਼ਰਾਂ ਦਾ ਸਾਹ ਘੁੱਟਣ ਲੱਗਾ ਤੇ ਜ਼ਿਆਦਾ ਪਰੇਸ਼ਾਨੀ ਬੱਚਿਆਂ ਨੂੰ ਹੋਈ। ਇਸ ਪਿੱਛੋਂ ਮੁਸਿਫ਼ਰਾਂ ਨੇ ਜਹਾਜ਼ ਨੂੰ ਖਾਲੀ ਕਰ ਦਿੱਤਾ।
ਦੱਸਣਯੋਗ ਹੈ ਕਿ ਲਾਹੌਰ ਤੋਂ ਰਹੀਮ ਯਾਰ ਖਾਨ ਦੀ ਦੂਰੀ 624.5 ਕਿਲੋਮੀਟਰ ਹੈ। ਮੁਸਿਫ਼ਰਾਂ ਨੇ ਕਿਹਾ ਕਿ ਉਨ੍ਹਾਂ ਏਅਰਲਾਈਨ ਦੇ ਅਮਲੇ ਨੂੰ ਕਿਹਾ ਕਿ ਉਨ੍ਹਾਂ ਨੂੰ ਮੁਲਤਾਨ ਹਵਾਈ ਅੱਡੇ 'ਤੇ ਉਤਾਰ ਦਿੱਤਾ ਜਾਵੇ ਕਿਉਂਕਿ ਉਥੋਂ ਰਹੀਮ ਯਾਰ ਖਾਨ ਦੀ ਦੂਰੀ ਕੇਵਲ 292 ਕਿਲੋਮੀਟਰ ਹੈ ਪ੍ਰੰਤੂ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ।