ਵਾਸ਼ਿੰਗਟਨ: ਬੀਤੇ ਦਿਨੀਂ ਅਮਰੀਕਾ ਦੇ ਇੱਕ ਕਸਬੇ ਕੈਂਟ ਦੇ 14 ਸਾਲਾ ਸਿੱਖ ਵਿਦਿਆਰਥੀ ਨਾਲ ਉਸ ਦੇ ਸਾਥੀਆਂ ਵੱਲੋਂ ਹੀ ਕੁੱਟਮਾਰ ਕੀਤੀ ਗਈ। ਇਸ ਹਮਲੇ 'ਤੇ ਪੀੜਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਸਿੱਖ ਹੋਣ ਕਰ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਵਿੱਚ ਭਾਰਤੀ ਸਫ਼ਾਰਤਖਾਨੇ ਨੂੰ ਹੁਕਮ ਦਿੱਤੇ ਹਨ ਕਿ ਉਹ ਮਾਮਲੇ ਦੀ ਪੜਤਾਲ ਕਰ ਕੇ ਉਨ੍ਹਾਂ ਨੂੰ ਭੇਜਣ।


[embed]https://twitter.com/SushmaSwaraj/status/926677585420886016[/embed]

ਹਾਲਾਂਕਿ, ਸ਼ਹਿਰ ਦੇ ਕੈਂਟਰਿੱਜ ਹਾਈ ਸਕੂਲ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹਮਲਾ ਜਮਾਤ ਵਿੱਚ ਹੋਈ ਖਹਿਬਾਜ਼ੀ ਦਾ ਨਤੀਜਾ ਹੈ ਨਾ ਕਿ ਕੋਈ ਨਸਲ-ਭੇਦ ਤੋਂ ਪ੍ਰੇਰਿਤ ਹੈ। ਉੱਧਰ ਪੀੜਤ ਵਿਦਿਆਰਥੀ ਦੇ ਪਿਤਾ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਉਸ ਦੇ ਪਰਿਵਾਰ ਨਾਲ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਹੈ।

ਉਨ੍ਹਾਂ ਕਿਹਾ ਕਿ ਕਿਸੇ ਨੇ ਇਸ ਹਮਲੇ ਦੀ ਵੀਡੀਓ ਬਣਾ ਕੇ ਸਨੈਪਚੈਟ ‘ਤੇ ਪੋਸਟ ਕਰ ਦਿੱਤਾ ਸੀ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਪਹਿਲਾਂ ਹਮਲਾਵਰ ਵਿਦਿਆਰਥੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਮੌਕਾ ਮਿਲਦਿਆਂ ਹੀ ਮਾਰਕੁੱਟ ਕੀਤੀ। ਅਚਾਨਕ ਹੋਏ ਇਸ ਹਮਲੇ ਨਾਲ ਵਿਦਿਆਰਥੀ ਜ਼ਮੀਨ ‘ਤੇ ਡਿੱਗ ਗਿਆ। ਵੀਡੀਓ ਵਿੱਚ ਵਿਦਿਆਰਥੀ ਆਪਣਾ ਸਿਰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਚੀਕ ਰਿਹਾ ਵਿਖਾਈ ਦੇ ਰਿਹਾ ਹੈ। ਇਸ ਵੀਡੀਓ ‘ਤੇ ਕਈ ਲੋਕਾਂ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਪੀੜਤ ਪਰਿਵਾਰ ਨੇ ਆਸ ਜਤਾਈ ਕਿ ਇਸ ਤਰ੍ਹਾਂ ਦੀ ਘਟਨਾ ਉਨ੍ਹਾਂ ਨਾਲ ਹੀ ਨਹੀਂ ਸਗੋਂ ਕਿਸੇ ਨਾਲ ਵੀ ਨਾ ਵਾਪਰੇ।

ਜ਼ਿਕਰਯੋਗ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿੱਚ ਵੀ ਕੈਂਟ ਵਿੱਚ ਹੀ ਇੱਕ ਸਿੱਖ ਵਿਅਕਤੀ ਨੂੰ ਇਹ ਕਹਿੰਦਿਆਂ ਹੋਇਆਂ ਗੋਲੀ ਮਾਰ ਦਿੱਤੀ ਗਈ ਸੀ ਕਿ ਆਪਣੇ ਦੇਸ਼ ਵਾਪਸ ਪਰਤ ਜਾਓ। ਕੈਂਟ ਵਿੱਚ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਕਾਫੀ ਵਸੋਂ ਰਹਿੰਦੀ ਹੈ।

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਹਮਲੇ ਤੋਂ ਬਾਅਦ ਆਪਣੇ ਕਦਮ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।