ਗਲਾਸਗੋ: ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਬ੍ਰਿਟਿਸ਼ ਬਾਰਡਰ ਫ਼ੋਰਸ ਦੇ ਅਧਿਕਾਰੀਆਂ ਨੇ 34 ਸਾਲਾ ਪੰਜਾਬੀ ਨੌਜਵਾਨ ਲਖਵੀਰ ਸਿੰਘ ਸਮੇਤ ਦੋ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਉੱਤੇ ਇਮੀਗ੍ਰੇਸ਼ਨ ਨਾਲ ਸਬੰਧਤ ਅਪਰਾਧ ਕਰਨ ਦਾ ਸ਼ੱਕ ਹੈ। ਦੋਵੇਂ ਭਾਰਤੀਆਂ ਦੀ ਗ੍ਰਿਫ਼ਤਾਰੀ ਵਿਰੁੱਧ ਸਥਾਨਕ ਨਿਵਾਸੀਆਂ ਨੇ 8 ਘੰਟਿਆਂ ਤੱਕ ਜ਼ੋਰਦਾਰ ਪ੍ਰਦਰਸ਼ਨ ਕੀਤਾ, ਉਸੇ ਦਬਾਅ ਕਾਰਨ ਦੋਵੇਂ ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਪੀਟੀਆਈ ਦੀ ਰਿਪੋਰਟ ਅਨੁਸਾਰ ਹਜ਼ਾਰਾਂ ਦੀ ਗਿਣਤੀ ’ਚ ਸਥਾਨਕ ਨਿਵਾਸੀਆਂ ਨੇ ਉਸ ਵੈਨ ਨੂੰ ਘੇਰਾ ਪਾ ਲਿਆ, ਜਿਸ ਵਿੱਚ ਗ੍ਰਿਫ਼ਤਾਰ ਕਰ ਕੇ ਦੋਵੇਂ ਭਾਰਤੀਆਂ ਨੂੰ ਲਿਜਾਂਦਾ ਜਾ ਰਿਹਾ ਸੀ। ਇਸ ਦਬਾਅ ਤੋਂ ਬਾਅਦ ਪੁਲਿਸ ਨੇ ਦੋਵੇਂ ਭਾਰਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਉਂਝ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹਜ਼ਾਰਾਂ ਰੋਸ ਮੁਜ਼ਾਹਰਾਕਾਰੀਆਂ ਨੇ ਗਲਾਸਗੋ ਦੇ ਪੋਲੋਕਸ਼ੀਲਡਜ਼ ਇਲਾਕੇ ’ਚ ਬਾਰਡਰ ਏਜੰਸੀ ਦੀ ਵੈਨ ਨੂੰ ਘੇਰਾ ਪਾ ਲਿਆ ਸੀ। ਇੱਕ ਮੁਜ਼ਾਹਰਾਕਾਰੀ ਤਾਂ ਵੈਨ ਦੇ ਅੱਗੇ ਹੀ ਪੈ ਗਿਆ ਤੇ ਵੈਨ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਮੁਜ਼ਾਹਰਾਕਾਰੀਆਂ ਨੇ ‘ਸਾਡੇ ਗੁਆਂਢੀਆਂ ਨੂੰ ਛੱਡੋ, ਉਨ੍ਹਾਂ ਨੂੰ ਜਾਣ ਦੇਵੋ’ ਅਤੇ ‘ਪੁਲਿਸ ਆਲ਼ਿਓ, ਆਪਣੇ ਘਰਾਂ ਨੂੰ ਵਾਪਸ ਜਾਓ’ ਦੇ ਨਾਅਰੇ ਲਾਏ। ਪੁਲਿਸ ਮੁਲਾਜ਼ਮ ਵੀ ਪਹਿਲਾਂ ਕਾਫ਼ੀ ਚਿਰ ਵੈਨ ਨੂੰ ਘੇਰਾ ਪਾ ਕੇ ਖਲੋਤੇ ਰਹੇ ਪਰ ਬਾਅਦ ’ਚ ਅਧਿਕਾਰੀਆਂ ਨੂੰ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਦੋਵੇਂ ਭਾਰਤੀਆਂ ਨੂੰ ਰਿਹਾਅ ਕਰਨਾ ਪਿਆ। ਉਂਝ ਤਿੰਨ ਪ੍ਰਦਰਸ਼ਨਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਪਰ ਬਾਅਦ ’ਚ ਸਭ ਨੂੰ ਰਿਹਾਅ ਕਰ ਦਿੱਤਾ ਗਿਆ।
ਰੋਸ ਮੁਜ਼ਾਹਰੇ ਕਾਰਣ ਸਕੌਟਲੈਂਡ ਦੇ ਮੰਤਰੀ ਨਿਕੋਲਾ ਸਟੱਰਜਨ ਨੇ ਗ੍ਰਹਿ ਵਿਭਾਗ ਉੱਤੇ ਦੋਸ਼ ਲਾਇਆ ਕਿ ਉਸ ਕਾਰਣ ਖ਼ਤਰਨਾਕ ਤੇ ਗ਼ੈਰ-ਵਾਜਬ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਗੰਭੀਰ ਕਿਸਮ ਦੀ ਕੋਰੋਨਾ ਮਹਾਮਾਰੀ ਦੌਰਾਨ ਈਦ ਮੌਕੇ ਗ਼ੈਰ-ਜ਼ਿੰਮੇਵਾਰਾਨਾ ਹਾਲਾਤ ਪੈਦਾ ਕਰ ਦਿੱਤੇ ਗਏ। ਮੰਤਰੀ ਨੇ ਕਿਹਾ ਕਿ ਉਹ ਇੰਗਲੈਂਡ ਸਰਕਾਰ ਤੋਂ ਭਰੋਸਾ ਚਾਹੁੰਦੇ ਹਨ ਕਿ ਅਜਿਹੇ ਹਾਲਾਤ ਮੁੜ ਕਦੇ ਵੀ ਪੈਦਾ ਨਾ ਹੋਣ।
ਇਸ ਦੌਰਾਨ ਲਖਵੀਰ ਸਿੰਘ ਨੇ ਕਿਹਾ ਕਿ ਉਹ ਗਲਾਸਗੋ ਦੀ ਜਨਤਾ ਤੋਂ ਮਿਲੀ ਮਦਦ ਤੋਂ ਡਾਢੇ ਹੈਰਾਨ ਅਤੇ ਖ਼ੁਸ਼ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 9:30 ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰ ਦਿੱਤਾ ਤੇ ਇੱਕ ਹੋਰ ਸਾਥੀ ਸਮੇਤ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਵੇਲੇ ਉੱਥੇ ਸਿਰਫ਼ ਪੰਜ-ਛੇ ਵਿਅਕਤੀ ਹੀ ਮੌਜੂਦ ਸਨ ਪਰ ਦੋਵਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਜੰਗਲ ’ਚ ਅੱਗ ਵਾਂਗ ਫੈਲੀ ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ।
ਦੱਸ ਦੇਈਏ ਕਿ ਅੱਜ-ਕੱਲ੍ਹ ਇੰਗਲੈਂਡ ਦੀ ਸਰਕਾਰ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਆਏ ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਮੁਹਿੰਮਾਂ ਵਿੱਢੀਆਂ ਹੋਈਆਂ ਹਨ। ਇਹ ਛਾਪਾ ਵੀ ਉਸੇ ਲੜੀ ਅਧੀਨ ਮਾਰਿਆ ਗਿਆ ਸੀ।
ਪੰਜਾਬੀ ਸਣੇ ਦੋ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਭੜਕੇ ਗਲਾਸਗੋ ਦੇ ਲੋਕ, 8 ਘੰਟਿਆਂ ਦੇ ਰੋਸ ਮੁਜ਼ਾਹਰੇ ਪਿੱਛੋਂ ਸਕਾਟਲੈਂਡ ਪੁਲਿਸ ਨੇ ਦੋਵਾਂ ਨੂੰ ਕੀਤਾ ਰਿਹਾਅ
ਏਬੀਪੀ ਸਾਂਝਾ
Updated at:
14 May 2021 01:36 PM (IST)
ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਬ੍ਰਿਟਿਸ਼ ਬਾਰਡਰ ਫ਼ੋਰਸ ਦੇ ਅਧਿਕਾਰੀਆਂ ਨੇ 34 ਸਾਲਾ ਪੰਜਾਬੀ ਨੌਜਵਾਨ ਲਖਵੀਰ ਸਿੰਘ ਸਮੇਤ ਦੋ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੰਜਾਬੀ ਸਣੇ ਦੋ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਭੜਕੇ ਗਲਾਸਗੋ ਦੇ ਲੋਕ, 8 ਘੰਟਿਆਂ ਦੇ ਰੋਸ ਮੁਜ਼ਾਹਰੇ ਪਿੱਛੋਂ ਸਕਾਟਲੈਂਡ ਪੁਲਿਸ ਨੇ ਦੋਵਾਂ ਨੂੰ ਕੀਤਾ ਰਿਹਾਅ
NEXT
PREV
Published at:
14 May 2021 01:36 PM (IST)
- - - - - - - - - Advertisement - - - - - - - - -