ਵਾਸ਼ਿੰਗਟਨ: ਜੋਅ ਬਾਇਡੇਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀਆਂ ਕੁਝ ਕੈਟਾਗਰੀਆਂ ਲਈ ਵਰਕ ਪਰਮਿਟ ਦੀ ਸਮਾਂ ਸੀਮਾ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਇਸ 'ਚ ਗ੍ਰੀਨ ਕਾਰਡ ਵਾਲੇ ਤੇ ਡੇਢ ਸਾਲ ਲਈ ਰੁਜ਼ਗਾਰ ਅਧਿਕਾਰ ਕਾਰਡ (ਈਏਡੀ) ਪ੍ਰਾਪਤ ਕਰਨ ਵਾਲੇ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਲਾਭ ਮਿਲੇਗਾ। ਹੋਮਲੈਂਡ ਸਕਿਊਰਿਟੀ ਵਿਭਾਗ ਵੱਲੋਂ ਮੰਗਲਵਾਲ ਨੂੰ ਇਹ ਘੋਸ਼ਣਾ ਕੀਤੀ ਗਈ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ। ਹੋਮਲੈਂਡ ਸਕਿਊਰਿਟੀ ਵਿਭਾਗ ਨੇ ਕਿਹਾ ਕਿ ਮੌਜੂਦਾ ਈਏਡੀ 'ਤੇ ਦੱਸੀ ਗਈ ਮਿਆਦ ਮਤਲਬ 180 ਦਿਨਾਂ ਦੀ ਸਮਾਂ ਸੀਮਾ ਖ਼ਤਮ ਹੋਣ 'ਤੇ ਇਹ ਆਪਣੇ ਆਪ 540 ਦਿਨਾਂ ਤੱਕ ਵਧਾ ਦਿੱਤੀ ਜਾਵੇਗੀ।

ਯੂਐਸਸੀਆਈਐਸ ਦੇ ਡਾਇਰੈਕਟਰ Ur M. Jaddou ਨੇ ਕਿਹਾ, "ਹਾਲਾਂਕਿ ਯੂਐਸਸੀਆਈਐਸ (ਯੂਐਸ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼) ਲੰਬਿਤ ਈਏਡੀ ਕੇਸਲੋਏਡਸ (caseloads) ਨੂੰ ਸੰਬੋਧਨ ਕਰਨ ਲਈ ਕੰਮ ਕਰਦੀ ਹੈ। ਏਜੰਸੀ ਨੇ ਇਹ ਤੈਅ ਕੀਤਾ ਹੈ ਕਿ ਰੁਜ਼ਗਾਰ ਅਧਿਕਾਰ ਲਈ ਮੌਜੂਦਾ 180 ਦਿਨ ਆਟੋਮੈਟਿਕ ਐਕਸਟੈਂਸ਼ਨ ਇਸ ਸਮੇਂ ਨਾਕਾਫੀ ਹੈ।"

ਯੂਐਸਸੀਆਈਐਸ ਦੇ ਅਨੁਸਾਰ ਲੰਬਿਤ ਈਏਡੀ ਨਵੀਨੀਕਰਣ ਅਰਜ਼ੀ ਵਾਲੇ ਗ਼ੈਰ-ਨਾਗਰਿਕ, ਜਿਨ੍ਹਾਂ ਦੀ 180-ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਮਿਆਦ ਖ਼ਤਮ ਹੋ ਗਈ ਹੈ ਅਤੇ ਜਿਨ੍ਹਾਂ ਦੀ ਈਏਡੀ ਖ਼ਤਮ ਹੋ ਗਈ ਹੈ, ਉਨ੍ਹਾਂ ਨੂੰ  4 ਮਈ 2022 ਤੋਂ ਸ਼ੁਰੂ ਹੋਣ ਵਾਲੇ ਅਤੇ 540 ਦਿਨਾਂ ਤੱਕ ਚੱਲਣ ਵਾਲੇ ਰੁਜ਼ਗਾਰ ਅਧਿਕਾਰ ਤੇ ਈਏਡੀ ਵੈਧਤਾ ਦੀ ਵਾਧੂ ਮਿਆਦ ਪ੍ਰਦਾਨ ਕੀਤੀ ਜਾਵੇਗੀ। ਉਹ ਰੁਜ਼ਗਾਰ ਫਿਰ ਤੋਂ ਸ਼ੁਰੂ ਕਰ ਸਕਦੇ ਹਨ, ਜੇਕਰ ਉਹ ਅਜੇ ਵੀ 540 ਦਿਨਾਂ ਦੀ ਆਟੋਮੈਟਿਕ ਐਕਸਟੈਂਸ਼ਨ ਮਿਆਦ ਦੇ ਅੰਦਰ ਹਨ ਜਾਂ ਯੋਗ ਹਨ।

ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਜੇ ਜੈਨ ਭੂਟੋਰੀਆ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਫ਼ੈਸਲੇ ਨਾਲ ਲਗਪਗ 87,000 ਪ੍ਰਵਾਸੀਆਂ ਨੂੰ ਮਦਦ ਮਿਲੇਗੀ, ਜਿਨ੍ਹਾਂ ਦੇ ਕੰਮ ਦੀ ਅਧਿਕਾਰਤ ਮਿਆਦ ਖ਼ਤਮ ਹੋ ਗਈ ਹੈ ਜਾਂ ਅਗਲੇ 30 ਦਿਨਾਂ 'ਚ ਖ਼ਤਮ ਹੋਣ ਵਾਲੀ ਹੈ। ਕੁੱਲ ਮਿਲਾ ਕੇ ਸਰਕਾਰ ਦਾ ਅੰਦਾਜ਼ਾ ਹੈ ਕਿ ਵਰਕ ਪਰਮਿਟਾਂ ਦਾ ਨਵੀਨੀਕਰਨ ਕਰਨ ਵਾਲੇ 4,20,000 ਪ੍ਰਵਾਸੀਆਂ ਨੂੰ ਇਸ ਛੋਟ ਨਾਲ ਆਪਣਾ ਰੁਜ਼ਗਾਰ ਨਹੀਂ ਗੁਆਉਣਾ ਪਵੇਗਾ।

ਉਨ੍ਹਾਂ ਕਿਹਾ ਕਿ ਇਹ ਨੀਤੀਗਤ ਤਬਦੀਲੀਆਂ ਰੁਜ਼ਗਾਰਦਾਤਾਵਾਂ ਨੂੰ ਆਪਣੇ ਕਰਮਚਾਰੀਆਂ ਤੇ ਯੋਗ ਪ੍ਰਵਾਸੀਆਂ ਨੂੰ 180 ਦਿਨਾਂ ਦੀ ਬਜਾਏ 540 ਦਿਨਾਂ ਲਈ ਦਸਤਾਵੇਜ਼ਾਂ 'ਤੇ ਕੰਮ ਜਾਰੀ ਰੱਖਣ ਦੀ ਇਜਾਜ਼ਤ ਦਿੰਦੀਆਂ ਹਨ। ਇਸ ਦਾ ਮਤਲਬ ਹੈ ਕਿ 180 ਦਿਨਾਂ ਦੀ ਸ਼ਰਤ ਤੋਂ ਬਾਅਦ ਵੀ ਹਜ਼ਾਰਾਂ ਲੋਕਾਂ ਕੋਲ ਕੰਮ ਦਾ ਇੱਕ ਹੋਰ ਸਾਲ ਬਾਕੀ ਹੈ।