UNSC Meeting Highlights: ਯੂਕ੍ਰੇਨ 'ਤੇ ਰੂਸ ਦੇ ਕਦਮ ਨੇ ਜੰਗ ਦਾ ਖ਼ਤਰਾ ਵਧਾ ਦਿੱਤਾ ਹੈ। ਇਸ ਬਾਰੇ 'ਚ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਬੈਠਕ 'ਚ ਕਿਹਾ ਕਿ ਰੂਸ ਦੇ ਨਾਲ ਯੂਕ੍ਰੇਨ ਦੀ ਸਰਹੱਦ 'ਤੇ ਵਧਦਾ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਹ ਚੀਜ਼ਾਂ ਖੇਤਰ ਦੀ ਸ਼ਾਂਤੀ ਤੇ ਸੁਰੱਖਿਆ ਨੂੰ ਢਾਹ ਲਾ ਸਕਦੀਆਂ ਹਨ। ਇਸ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਅਸੀਂ ਯੂਕ੍ਰੇਨ ਨਾਲ ਜੁੜੇ ਘਟਨਾਕ੍ਰਮ ਤੇ ਇਸ ਸਬੰਧ 'ਚ ਰੂਸ ਵੱਲੋਂ ਕੀਤੇ ਗਏ ਐਲਾਨ 'ਤੇ ਨਜ਼ਰ ਰੱਖ ਰਹੇ ਹਾਂ।



ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਮੁੱਦਾ-ਭਾਰਤ
ਯੂਕ੍ਰੇਨ 'ਤੇ UNSC ਦੀ ਬੈਠਕ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਸੰਜਮ ਵਰਤਣ ਦਾ ਸੱਦਾ ਦਿੰਦੇ ਹਾਂ। ਸਾਡਾ ਮੰਨਣਾ ਹੈ ਕਿ ਇਸ ਮੁੱਦੇ ਨੂੰ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ।

ਭਾਰਤੀਆਂ ਦੀ ਸੁਰੱਖਿਆ ਸਾਡੀ ਤਰਜੀਹ - ਭਾਰਤ
ਟੀਐਸ ਤਿਰੁਮੂਰਤੀ ਨੇ ਕਿਹਾ ਕਿ ਯੂਕ੍ਰੇਨ ਵਿੱਚ ਨਾਗਰਿਕਾਂ ਦੀ ਸੁਰੱਖਿਆ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ 20 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਤੇ ਨਾਗਰਿਕ ਯੂਕ੍ਰੇਨ ਦੇ ਵੱਖ-ਵੱਖ ਹਿੱਸਿਆਂ ਤੇ ਸਰਹੱਦੀ ਖੇਤਰਾਂ ਵਿੱਚ ਰਹਿੰਦੇ ਹਨ ਅਤੇ ਪੜ੍ਹਦੇ ਹਨ। ਭਾਰਤੀਆਂ ਦੀ ਸੁਰੱਖਿਆ ਸਾਡੀ ਪਹਿਲ ਹੈ।

ਪੁਤਿਨ ਯੂਕ੍ਰੇਨ ਦੇ ਵੱਖਵਾਦੀ ਖੇਤਰਾਂ ਨੂੰ ਮਾਨਤਾ ਦਿੰਦਾ
ਤੁਹਾਨੂੰ ਦੱਸ ਦੇਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਪੂਰਬੀ ਯੂਕ੍ਰੇਨ ਵਿੱਚ ਰੂਸ ਸਮਰਥਿਤ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਹੈ। ਰੂਸ ਦੇ ਇਸ ਫੈਸਲੇ ਨਾਲ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਡਰ ਦੇ ਵਿਚਕਾਰ ਤਣਾਅ ਹੋਰ ਵਧ ਜਾਵੇਗਾ।

ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਰੂਸ ਕਿਸੇ ਵੀ ਸਮੇਂ ਯੂਕ੍ਰੇਨ ਉੱਤੇ ਹਮਲਾ ਕਰ ਸਕਦਾ ਹੈ ਅਤੇ ਹਮਲੇ ਦੇ ਬਹਾਨੇ ਪੂਰਬੀ ਯੂਕ੍ਰੇਨ ਵਿੱਚ ਝੜਪਾਂ ਦੀ ਵਰਤੋਂ ਕਰ ਸਕਦਾ ਹੈ। ਯੂਕ੍ਰੇਨ ਦੇ ਵੱਖਵਾਦੀ ਨੇਤਾਵਾਂ ਨੇ ਪਹਿਲਾਂ ਪੁਤਿਨ ਨੂੰ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਅਤੇ ਦੋਸਤੀ ਸੰਧੀਆਂ 'ਤੇ ਹਸਤਾਖਰ ਕਰਕੇ "ਉਨ੍ਹਾਂ ਦੇ ਵਿਰੁੱਧ ਚੱਲ ਰਹੇ ਯੂਕ੍ਰੇਨੀ ਫੌਜੀ ਹਮਲਿਆਂ ਤੋਂ" ਬਚਾਉਣ ਲਈ ਫੌਜੀ ਸਹਾਇਤਾ ਭੇਜਣ ਦੀ ਅਪੀਲ ਕੀਤੀ ਸੀ।

ਯੂਰਪੀ ਸੰਘ ਨੇ ਰੂਸ ਦੇ ਇਸ ਕਦਮ ਦਾ ਵਿਰੋਧ ਕੀਤਾ
ਇਸ ਨਾਲ ਹੀ ਯੂਰਪੀ ਸੰਘ ਨੇ ਯੂਕ੍ਰੇਨ ਦੇ ਵੱਖਵਾਦੀ ਇਲਾਕਿਆਂ ਨੂੰ ਮਾਨਤਾ ਦੇਣ ਦੇ ਰੂਸ ਦੇ ਕਦਮ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਇਸ ਵਿਚ ਸ਼ਾਮਲ ਲੋਕਾਂ 'ਤੇ ਪਾਬੰਦੀਆਂ ਲਵੇਗਾ। ਇਸ ਨੇ ਯੂਕਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਆਪਣੇ ਸਮਰਥਨ ਨੂੰ ਦੁਹਰਾਇਆ।

ਜ਼ਿਕਰਯੋਗ ਹੈ ਕਿ ਰੂਸ ਨੇ ਐਤਵਾਰ ਨੂੰ ਯੂਕ੍ਰੇਨ ਦੀਆਂ ਉੱਤਰੀ ਸਰਹੱਦਾਂ ਨੇੜੇ ਫੌਜੀ ਅਭਿਆਸ ਵਧਾ ਦਿੱਤਾ ਹੈ। ਇਸ ਨੇ ਯੂਕ੍ਰੇਨ ਦੀ ਉੱਤਰੀ ਸਰਹੱਦ ਨਾਲ ਲੱਗਦੇ ਬੇਲਾਰੂਸ ਵਿੱਚ ਲਗਪਗ 30,000 ਸੈਨਿਕ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਯੂਕ੍ਰੇਨ ਦੀਆਂ ਸਰਹੱਦਾਂ 'ਤੇ 150,000 ਸੈਨਿਕ, ਜੰਗੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਹੈ। ਯੂਕ੍ਰੇਨ ਦੀ ਰਾਜਧਾਨੀ ਕੀਵ ਦੀ ਆਬਾਦੀ ਲਗਭਗ 30 ਲੱਖ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904