ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਬੰਦੂਕਧਾਰਿਆਂ ਨੇ ਸੈਨਾ ਅਕਾਦਮੀ 'ਤੇ ਹਮਲਾ ਕਰ ਦਿੱਤਾ। ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਜਾਰੀ ਹਿੰਸਾ ਦੀ ਇਹ ਤਾਜ਼ਾ ਘਟਨਾ ਹੈ। ਅਫਗਾਨਿਸਤਾਨ ਦੇ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਮਾਰਸ਼ਲ ਫ਼ਸੀਮ ਸੈਨਾ ਅਕਾਦਮੀ 'ਤੇ ਹੋਏ ਹਮਲੇ ਵਿੱਚ ਕੁਝ ਹਮਲਾਵਰ ਮਾਰੇ ਗਏ। ਬੰਦੂਕਧਾਰੀ ਅਕਾਦਮੀ ਦੇ ਅੰਦਰ ਦਾਖਲ ਹੋਣ ਵਿੱਚ ਨਾਕਾਮ ਰਹੇ। ਕਾਬੁਲ ਪੁਲਿਸ ਦੇ ਬੁਲਾਰੇ ਮੁਜਾਹਿਦ ਨੇ ਦੱਸਿਆ ਕਿ ਰਾਕਟ ਤੇ ਗੋਲੀਆਂ ਦਾਗੀਆਂ ਗਈਆਂ ਪਰ ਹੁਣ ਸਥਿਤੀ ਕੰਟਰੋਲ ਵਿੱਚ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਾਬੁਲ ਦੀ ਬਾਹਰੀ ਸਰਹੱਦ 'ਤੇ ਸਥਿਤ ਅਕਾਦਮੀ ਤੋਂ ਸਥਾਨਕ ਸਮੇਂ ਅਨੁਸਾਰ ਕਰੀਬ ਪੰਜ ਵਜੇ ਕਈ ਧਮਾਕਿਆਂ ਤੇ ਗੋਲੀਆਂ ਦੀ ਆਵਾਜ਼ ਸੁਣੀ। ਅਕਾਦਮੀ ਵਿੱਚ ਸੈਨਾ ਦੇ ਉੱਚ ਪੱਧਰੀ ਅਧਿਕਾਰੀਆਂ ਨੂੰ ਟਰੇਂਡ ਕੀਤਾ ਜਾਂਦਾ ਹੈ। ਹਮਲੇ ਦੀ ਕਿਸੇ ਨੇ ਵੀ ਜ਼ਿਮੇਵਾਰੀ ਨਹੀਂ ਲਈ ਹੈ। ਇਹ ਹਮਲਾ ਸ਼ਹਿਰ ਦੇ ਭੀੜ-ਭੜ ਵਾਲੇ ਇਲਾਕੇ ਵਿੱਚ ਇੱਕ ਤਾਲਿਬਾਨੀ ਆਤਮਘਾਤੀ ਹਮਲਾਵਰ ਦੇ ਵਿਸਫੋਟਕਾਂ ਨਾਲ ਭਰੀ ਐਂਬੂਲੈਂਸ ਨੂੰ ਉਡਾ ਦੇਣ ਤੋਂ ਕੁਝ ਦਿਨ ਬਾਅਦ ਹੋਇਆ ਹੈ। ਇਸ ਹਮਲੇ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ।