ਵਾਸ਼ਿੰਗਟਨ: ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਸਾਈ ਪ੍ਰਚਾਰਕਾਂ ਵੱਲੋਂ ਪੂਰੇ ਮਾਣ ਸਨਮਾਣ ਨਾਲ ਸੱਦਾ ਦੇਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰੀ ਮਰਿਆਦਾ ਸਹਿਤ ਚਰਚ ਵਿਖੇ ਪ੍ਰਕਾਸ਼ ਕੀਤਾ ਗਿਆ। ਸਿਰਫ ਪ੍ਰਕਾਸ਼ ਹੀ ਨਹੀਂ ਚਰਚ ਦਾ ਮਾਹੌਲ ਇੰਨ-ਬਿੰਨ ਗੁਰਦੁਆਰੇ ਵਰਗਾ ਹੀ ਬਣ ਗਿਆ ਸੀ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭਰਪੂਰ ਸੰਗਤ ਸੀ, ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।
ਇਸਾਈ ਤੇ ਸਿੱਖ ਪ੍ਰਚਾਰਕਾਂ ਵੱਲੋਂ ਸਿੱਖ ਸਿਧਾਤਾਂ ਤੇ ਰਵਾਇਤਾਂ ਬਾਰੇ ਸੰਖੇਪ ਨਾਲ ਸੰਗਤ ਨੂੰ ਜਾਣੂ ਕਰਵਾਇਆ ਗਿਆ। ਇਹ ਸਾਰਾ ਵਿਲੱਖਣ ਨਜ਼ਾਰਾ ਅਮਰੀਕਾ ਦੇ ਕਲੋਰਾਡੋ ਸ਼ਹਿਰ ਦੀ ਨਵੀਂ ਬਣੀ ਮਾਈਲ ਹੀ ਚਰਚ ਵਿੱਚ ਦੇਖਣ ਨੂੰ ਮਿਲਿਆ। ਇਸੇ ਚਰਚ ਦੀ ਪ੍ਰਚਾਰਕ ਸ਼ਾਨਨ ਸਿੱਖੀ ਦੇ ਵਿਲੱਖਣ ਸਿਧਾਤਾਂ ਤੋਂ ਪ੍ਰਭਾਵਿਤ ਹੈ ਤੇ ਚਰਚ ਵਿੱਚ ਆਪਣੇ ਪ੍ਰਚਾਰ ਭਾਸ਼ਣਾਂ ਦੌਰਾਨ ਦਸਤਾਰ ਤੇ ਮਰਦ-ਔਰਤ ਦੀ ਸਮਾਨਤਾ ਬਾਰੇ ਖੁੱਲ੍ਹ ਕੇ ਪ੍ਰਸੰਸਾਮਈ ਢੰਗ ਨਾਲ ਪ੍ਰਚਾਰ ਕਰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਚ ਵਿੱਚ ਆਗਮਨ ਲਈ ਬਿਨਾਂ ਕਿਸੇ ਭੇਦਭਾਵ ਤੋਂ ਸਭ ਨੇ ਰਲ ਕੇ ਚਰਚ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ। ਚਰਚ ਵਿਖੇ ਪਹੁੰਚਣ 'ਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਭਰਵਾਂ ਸੁਆਗਤ ਕੀਤਾ ਗਿਆ। ਕੀਰਤਨ ਤੇ ਵਿਆਖਿਆ ਤੋਂ ਬਾਅਦ ਸਭ ਨੇ ਮਰਿਆਦਾ ਮੁਤਾਬਕ ਖੜ੍ਹੇ ਹੋ ਕੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿੱਚ ਹਿੱਸਾ ਲਿਆ।
ਸ਼ਾਨਨ ਵੱਲੋਂ ਦਲੇਰੀ ਨਾਲ ਚੁੱਕੇ ਗਏ ਇਸ ਕਦਮ ਦੀ ਸਿੱਖ ਭਾਈਚਾਰੇ ਨੇ ਤਾਰੀਫ ਕੀਤੀ। ਸ਼ਾਨਨ ਤੋਂ ਜਦੋਂ ਅਜਿਹਾ ਨਿਡਰਤਾ ਭਰਿਆ ਕਦਮ ਚੁੱਕਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿਹਾ ਕਿ ''ਅਜਿਹਾ ਸਿਰਫ ਸਮਾਨਤਾ ਤੇ ਸਰਬਸਾਂਝੀਵਾਲਤਾ ਦੇ ਸੰਦੇਸ਼ ਨੂੰ ਪ੍ਰੈਕਟੀਕਲ ਰੂਪ ਦੇਣ ਦੇ ਮਕਸਦ ਨਾਲ ਕੀਤਾ ਗਿਆ ਹੈ। ਸਿੱਖ ਧਰਮ ਇੱਕ ਖੂਬਸੂਰਤ ਧਰਮ ਹੈ ਤੇ ਇਹ ਸਮੇਂ ਦੀ ਲੋੜ ਹੈ ਕਿ ਸਾਰੀ ਮਨੁੱਖਤਾ ਇਸ ਦੇ ਪਿਆਰ, ਏਕਤਾ ਤੇ ਸੇਵਾ ਦੇ ਦੱਸੇ ਹੋਏ ਰਸਤੇ ਅਤੇ ਧਰਮ ਨੂੰ ਸਮਝੇ।'' ਇਨਾਂ ਇਤਿਹਾਸਕ ਪਲਾਂ ਵਿੱਚ ਸ਼ਾਮਲ ਹੋ ਕੇ ਹਰ ਕਿਸੇ ਨੇ ਆਪਣੇ ਆਪ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸ਼ਾਮਲ ਹੋਣ ਦਾ ਮਾਣ ਮਹਿਸੂਸ ਕੀਤਾ।