ਨਿਊਯਾਰਕ : ਅਮਰੀਕਾ ਵਿੱਚ ਭਾਰਤੀ ਮੂਲ ਦੀ ਮਹਿਲਾ ਨੂੰ ਸੁਪਰੀਮ ਕੋਰਟ ਨੇ 15 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 35 ਸਾਲ ਦੀ ਸ਼ੀਤਲ ਰਾਨੋਟ ਉੱਤੇ ਆਪਣੀ 12 ਸਾਲ ਦੀ ਮਤਰੇਈ ਧੀ ਉੱਤੇ ਤਸ਼ੱਦਦ ਕਰਨ ਦਾ ਦੋਸ਼ ਹੈ। ਇਸੇ ਸਾਲ ਜੁਲਾਈ ਵਿੱਚ ਜੂਰੀ ਨੇ ਸ਼ੀਤਲ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਅਦਾਲਤ ਵਿੱਚ ਸ਼ੀਤਲ ਉੱਤੇ ਲੱਗੇ ਦੋਸ਼ ਸਿੱਧ ਹੋ ਗਏ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 15 ਸਾਲ ਦੀ ਸਜ਼ਾ ਸੁਣਾ ਦਿੱਤੀ। ਸੀਤਲ ਨੇ ਆਪਣੀ ਮਤਰੇਈ ਧੀ ਮਾਇਆ 'ਤੇ ਡੇਢ ਸਾਲ ਤੋਂ ਵੱਧ ਸਮੇਂ ਤੱਕ ਜ਼ੁਲਮ ਢਾਹਿਆ। ਇਸ ਦੌਰਾਨ ਕਈ ਵਾਰ ਮਾਇਆ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਭੁੱਖਾ ਰੱਖਿਆ। ਦਸੰਬਰ 2012 ਤੋਂ ਲੈ ਕੇ ਮਈ 2014 ਦੇ ਵਿਚਕਾਰ ਮਾਇਆ ਨੂੰ ਕਈ ਵਾਰ ਬਾਥਰੂਮ ਵਿੱਚ ਕੈਦ ਰੱਖਿਆ ਗਿਆ।
ਸ਼ੀਤਲ ਨੂੰ ਲਗਭਗ ਤਿੰਨ ਹਫ਼ਤੇ ਤੱਕ ਚਲੀ ਸੁਣਵਾਈ ਤੋਂ ਬਾਅਦ ਜੁਲਾਈ ਵਿੱਚ ਜੂਰੀ ਨੇ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਅਨੁਸਾਰ 12 ਸਾਲ ਦੀ ਕੁੜੀ ਦਾ ਵਜ਼ਨ ਸਿਰਫ਼ 58 ਪੌਂਡ ਰਹਿ ਗਿਆ ਸੀ, ਉਸ ਦੇ ਸਰੀਰ 'ਤੇ ਮੌਜੂਦ ਨਿਸ਼ਾਨ ਉਸ ਦੇ ਦਰਦ ਨੂੰ ਅੱਜ ਵੀ ਬਿਆਨ ਕਰਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਮਾਇਆ ਦੇ ਪਿਤਾ ਰਾਜੇਸ਼ ਰਾਨੋਟ 'ਤੇ ਵੀ ਉਸ ਦੀ ਕੁੱਟਮਾਰ, ਗ਼ੈਰ-ਕਾਨੂੰਨੀ ਢੰਗ ਨਾਲ ਕੈਦ ਕਰਨ ਅਤੇ ਜਾਨ ਖ਼ਤਰੇ ਵਿੱਚ ਪਾਉਣ ਦਾ ਦੋਸ਼ ਸਿੱਧ ਕੀਤਾ ਹੈ। ਰਾਜੇਸ਼ ਨੂੰ ਸਜ਼ਾ 'ਤੇ ਫ਼ੈਸਲਾ ਬਾਅਦ ਵਿੱਚ ਸੁਣਾਇਆ ਜਾਵੇਗਾ।