Gurpatwant Pannu Deal with ISI: ਭਾਰਤ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਜਾਂ ਫਿਰ ਅੱਤਵਾਦ ਫੈਲਾਉਣ ਲਈ ਖ਼ਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਆਖਰ ਮਦਦ ਕੌਣ ਕਰ ਰਿਹਾ ਹੈ? ਕਿਹੜੀ ਏਜੰਸੀ ਹੈ ਜੋ ਗੁਰਪਤਵੰਤ ਸਿੰਘ ਪੰਨੂ ਦੀ ਆਰਥਿਕ ਮਦਦ ਕਰਦੀ ਹੈ। ਇਸ ਦਾ ਜਵਾਬ ਕੈਨੇਡਾ 'ਚ ਹੋਈ ਡੀਲ ਨੇ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸੱਠ ਹਜ਼ਾਰ ਡਾਲਰ ਦਿੱਤੇ ਹਨ।


 ਇਹ ਡੀਲ ਕੁਝ ਦਿਨ ਪਹਿਲਾਂ ਕੈਨੇਡਾ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਕੋਲ ਇਕ ਹੋਟਲ ਵਿਚ ਆਈਐੱਸਆਈ ਦੇ ਅਧਿਕਾਰੀਆਂ ਨਾਲ ਹੋਈ ਸੀ। ਭਾਰਤੀ ਕਰੰਸੀ ਮੁਤਾਬਕ ਇਹ ਰਾਸ਼ੀ ਪੰਜਾਹ ਲੱਖ, ਚਾਲੀ ਹਜ਼ਾਰ ਰੁਪਏ ਬਣਦੀ ਹੈ।  ਖ਼ੁਫ਼ੀਆ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਪੰਨੂ ਹੁਣ ਉਕਤ ਰਾਸ਼ੀ ਨਾਲ ਖਾਸ ਕਰ ਕੇ ਪੰਜਾਬ ਵਿਚ ਆਪਣੇ ਗੁਰਗਿਆਂ ਰਾਹੀਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ ਵਿਚ ਹੈ। ਇਸ ਬਾਰੇ ਸੁਰੱਖਿਆ ਏਜੰਸੀ ਨੇ ਸਾਰੀ ਰਿਪੋਰਟ ਤਿਆਰ ਕਰ ਕੇ ਕੇਂਦਰ ਸਰਕਾਰ ਦੀ ਖ਼ੁਫ਼ੀਆ ਸ਼ਾਖਾ ਨੂੰ ਭੇਜ ਦਿੱਤੀ ਹੈ।


ਇਹ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਪੰਜਾਬ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਖ਼ਾਸ ਕਰ ਕੇ ਸ੍ਰੀ ਗੁਰੂ  ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਸੀਆਈਐੱਸਐੱਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਚਾਰੇ ਪਾਸਿਓਂ ਆਪਣੇ ਕਬਜ਼ੇ ਵਿਚ  ਲੈ ਲਿਆ ਹੈ। ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਤਲਾਸ਼ੀ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁਰਮਖ਼ਿਆਲੀ ਜਥੇਬੰਦੀਆਂ 'ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।


ਜ਼ਿਕਰਯੋਗ ਹੈ ਕਿ ਕੈਨੇਡਾ ਬੈਠਾ ਗੁਰਪਤਵੰਤ ਸਿੰਘ ਪੰਨੂ ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਖ਼ਿਲਾਫ਼ ਇੰਟਰਨੈੱਟ ਮੀਡੀਆ ’ਤੇ ਜ਼ਹਿਰ ਉਗਲ ਰਿਹਾ ਹੈ। ਖ਼ਾਸ ਕਰ ਕੇ ਅੰਮ੍ਰਿਤਸਰ ਦੇ ਖਾਨਕੋਟ ਪਿੰਡ ਦੇ ਰਹਿਣ ਵਾਲੇ ਪੰਨੂ ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ ਐੱਲਓਸੀ ਵੀ ਜਾਰੀ ਕਰਵਾ ਚੁੱਕੀ ਹੈ।


ਗੁਰਪਤਵੰਤ ਸਿੰਘ ਪੰਨੂ ਨੇ ਕੁਝ ਦਿਨ ਪਹਿਲਾਂ ਏਅਰ ਇੰਡੀਆ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਉਸ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਏਅਰ ਇੰਡੀਆ ਦੀ ਕਿਸੇ ਵੀ ਫਲਾਈਟ ਵਿਚ ਸਫਰ ਨਾ ਕਰਨ। ਜੇ ਘਟਨਾ ਵਿਚ ਕਿਸੇ ਸਿੱਖ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਉਹ ਖ਼ੁਦ ਹੀ ਹੋਵੇਗਾ।