ਗੁਰੂ ਨਾਨਕ ਗੁਰਦੁਆਰਾ ਯੂਕੇ ਦੇ 10 ਅਹਿਮ ਸਥਾਨਾਂ 'ਚ ਸ਼ੁਮਾਰ
ਏਬੀਪੀ ਸਾਂਝਾ | 05 Apr 2018 11:50 AM (IST)
ਲੰਡਨ: ਸੱਤ ਸਮੁੰਦਰੋਂ ਪਾਰ ਸਿੱਖ ਭਾਈਚਾਰਾ ਜਿੱਥੇ ਆਰਥਿਕ ਤੇ ਰਾਜਨੀਤੀ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਧਾਰਮਿਕ ਖੇਤਰ ਵਿੱਚ ਵਿਲੱਖਣ ਪਛਾਣ ਬਣਾ ਰਿਹਾ ਹੈ। ਇੰਗਲੈਂਡ ਦੇ ਸਿਖਰਲੇ 10 ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਲਿਸਟ ਵਿੱਚ ਯੂਕੇ ਸਥਿਤ ਸਭ ਤੋਂ ਵੱਡੇ ਗੁਰਦੁਆਰੇ ਨੂੰ ਸ਼ਾਮਲ ਕੀਤਾ ਗਿਆ ਹੈ। ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਪਛਾਣ ਦੇ ਮੁੱਦਾ ਹੱਲ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਜਾਣਕਾਰੀ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਬਰਮਿੰਘਮ ਮੇਲ ਦੀ ਰਿਪੋਰਟ ਅਨੁਸਾਰ ਸਮਿਥਵਿਕ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰੇ ਨੂੰ ਸਟੋਨਹੈਂਜ ਤੇ ਕੈਂਟਰਬਰੀ ਕੈਥੇਡਰਲ ਜਿਹੇ ਸਥਲਾਂ ਨਾਲ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ‘ਏ ਹਿਸਟਰੀ ਆਫ਼ ਇੰਗਲੈਂਡ ਇਨ 100 ਪਲੇਸਿਜ਼’ ਵਿੱਚ ਪੇਸ਼ ਕੀਤਾ ਗਿਆ ਸੀ ਜੋ ‘ਹਿਸਟੌਰਿਕ ਇੰਗਲੈਂਡ’ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਗੁਰਦੁਆਰੇ ਦਾ ਨਿਰਮਾਣ 1990 ਦੇ ਦਹਾਕੇ ਵਿੱਚ ਹੋਇਆ ਸੀ ਜੋ ਯੂਰਪ ’ਚ ਸਭ ਤੋਂ ਵੱਡਾ ਹੈ।