ਵਾਸ਼ਿੰਗਟਨ: ਅਮਰੀਕੀ ਨਾਗਰਿਕਤਾ ਤੇ ਪ੍ਰਵਾਸ ਸੇਵਾ (ਯੂਐਸਸੀਆਈਐਸ) ਨੇ ਦੱਸਿਆ ਹੈ ਕਿ ਕਾਂਗਰਸ ਵੱਲੋਂ ਲਾਜ਼ਮੀ ਕੀਤੇ ਗਏ ਨਿਯਮ ਵਿੱਤੀ ਵਰ੍ਹੇ 2020 ਲਈ ਐਚ-1ਬੀ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਣ ਦੀ ਹੱਦ ਖ਼ਤਮ ਹੋ ਗਈ ਹੈ। ਅਮਰੀਕਾ ਨੇ ਅਗਲੇ ਵਿੱਤੀ ਵਰ੍ਹੇ ਲਈ 65,000 ਵੀਜ਼ਾ ਕੈਪ ਤੈਅ ਕੀਤਾ ਸੀ, ਜੋ ਪੂਰਾ ਹੋ ਗਿਆ ਹੈ।

ਇਸ ਵਾਰ ਨਵੇਂ ਨਿਯਮਾਂ ਤਹਿਤ ਐਚ-1ਬੀ ਵੀਜ਼ਾ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਵਾਰ ਪੋਸਟ ਗ੍ਰੈਜੂਏਸ਼ਨ ਕਰ ਚੁੱਕੇ ਉਮੀਦਵਾਰਾਂ ਨੂੰ ਪਹਿਲ ਮਿਲੇਗੀ, ਜਿਨ੍ਹਾਂ ਵਿੱਚ ਅਮਰੀਕੀ ਡਿਗਰੀ ਧਾਰਕਾਂ ਨੂੰ ਖਾਸ ਥਾਂ ਮਿਲੇਗੀ। ਯੂਐਸਸੀਆਈਐਸ ਦੀ ਨਿਰਦੇਸ਼ਕ ਐਲ ਫ੍ਰਾਂਸਿਸ ਸਿਸਨਾ ਨੇ ਦੱਸਿਆ ਕਿ ਨਵੇਂ ਨਿਯਮ ਨੌਕਰੀਦਾਤਾਵਾਂ ਲਈ ਲਾਹੇਵੰਦ ਹਨ। ਅਪਰੈਲ 2017 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਖਰੀਦੋ ਅਮਰੀਕੀਆਂ ਨੂੰ ਨੌਕਰੀ ਦਿਓ ਦਾ ਹੋਕਾ ਦਿੱਤਾ ਸੀ ਤੇ ਐਚ-1ਬੀ ਵੀਜ਼ਾ ਦੇ ਨਵੇਂ ਨਿਯਮ ਇਸੇ ਸੰਦੇਸ਼ ਤੋਂ ਵੀ ਪ੍ਰੇਰਿਤ ਲੱਗਦੇ ਹਨ।

ਐਚ-1ਬੀ ਵੀਜ਼ਾ ਭਾਰਤੀ ਤਕਨੀਕੀ ਹੁਨਰਮੰਦਾਂ ਵਿੱਚ ਖਾਸਾ ਪ੍ਰਚਲਿਤ ਹੈ। ਬੇਸ਼ੱਕ ਇਹ ਵੀਜ਼ਾ ਅਮਰੀਕਾ ਵਿੱਚ ਪੱਕੇ ਤੌਰ 'ਤੇ ਰਹਿਣ ਦੀ ਗਾਰੰਟੀ ਨਹੀਂ ਦਿੰਦਾ, ਪਰ ਇਸ ਵੀਜ਼ੇ ਰਾਹੀਂ ਅਮਰੀਕਾ ਵਿੱਚ ਪੱਕੇ ਤੌਰ 'ਤੇ ਵੱਸਣ ਦਾ ਰਾਹ ਜ਼ਰੂਰ ਖੁੱਲ੍ਹ ਜਾਂਦਾ ਹੈ ਤੇ ਗਰੀਨ ਕਾਰਡ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਵਧ ਜਾਂਦੀਆਂ ਹਨ।