Hajj Yatra 2024: ਹੱਜ ਯਾਤਰਾ 'ਤੇ ਜਾਣ ਲਈ ਅਰਜ਼ੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ। ਹੱਜ ਯਾਤਰਾ 'ਤੇ ਜਾਣ ਲਈ ਅਰਜ਼ੀਆਂ 9 ਸਤੰਬਰ ਤੱਕ ਹੀ ਭਰੀਆਂ ਜਾ ਸਕਦੀਆਂ ਹਨ। ਭਾਰਤ ਦੇ ਨਾਲ-ਨਾਲ ਦੁਨੀਆ ਭਰ ਤੋਂ ਹੱਜ ਯਾਤਰੀ ਤਿਆਰੀਆਂ 'ਚ ਰੁੱਝੇ ਹੋਏ ਹਨ।



ਇਸ ਦੌਰਾਨ ਸਾਊਦੀ ਅਰਬ ਦੀ ਸਰਕਾਰ ਨੇ ਹੱਜ ਯਾਤਰਾ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਦਰਅਸਲ, ਸਾਊਦੀ ਅਰਬ ਦੀ ਸਰਕਾਰ ਨੇ ਹੱਜ ਯਾਤਰਾ 'ਤੇ ਜਾਣ ਵਾਲੇ ਪਤੀ-ਪਤਨੀ ਦੇ ਇੱਕੋ ਕਮਰੇ 'ਚ ਰਹਿਣ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਫੈਸਲੇ ਮੁਤਾਬਕ ਪੁਰਸ਼ਾਂ ਨੂੰ ਔਰਤਾਂ ਦੇ ਕਮਰੇ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। 


ਰਿਹਾਇਸ਼ ਦਾ ਪ੍ਰਬੰਧ ਕਿੱਥੇ ਹੋਵੇਗਾ?


ਹੱਜ ਟਰੇਨਰ ਮੁਹੰਮਦ ਅਲੀ ਮੁਤਾਬਕ ਭਾਰਤ ਤੋਂ ਹੱਜ 'ਤੇ ਜਾਣ ਵਾਲੇ ਵਿਆਹੁਤਾ ਜੋੜਿਆਂ ਲਈ ਰਿਹਾਇਸ਼ ਦਾ ਪ੍ਰਬੰਧ ਵੱਖਰਾ ਹੋਵੇਗਾ। ਹਾਲਾਂਕਿ, ਉਹ ਇੱਕੋ ਇਮਾਰਤ ਵਿੱਚ ਰਹਿਣਗੇ ਪਰ ਇੱਕੋ ਕਮਰੇ ਵਿੱਚ ਨਹੀਂ। ਦੱਸ ਦਈਏ ਕਿ ਭਾਰਤ ਤੋਂ ਹੱਜ 'ਤੇ ਜਾਣ ਵਾਲੇ ਸ਼ਰਧਾਲੂਆਂ ਦੇ ਠਹਿਰਨ ਦਾ ਪ੍ਰਬੰਧ ਭਾਰਤ ਸਰਕਾਰ ਅਜ਼ੀਜ਼ੀਆ ਇਮਾਰਤਾਂ 'ਚ ਕਰਦੀ ਹੈ, ਜਦਕਿ ਮਦੀਨਾ 'ਚ ਠਹਿਰਣ ਦਾ ਪ੍ਰਬੰਧ ਸਾਊਦੀ ਸਰਕਾਰ ਕਰਦੀ ਹੈ।


ਯਾਤਰਾ ਦੇ ਨਿਯਮ ਵੀ ਬਦਲ ਗਏ


ਖਾਸ ਗੱਲ ਇਹ ਹੈ ਕਿ ਹੁਣ ਹੱਜ ਯਾਤਰਾ ਦੇ ਨਿਯਮ ਵੀ ਬਦਲ ਗਏ ਹਨ। ਨਵੇਂ ਬਦਲਾਅ ਦੇ ਤਹਿਤ ਹੱਜ ਯਾਤਰੀਆਂ ਨੂੰ ਮੱਕਾ ਜਾਣ ਲਈ ਪਰਮਿਟ ਲੈਣਾ ਹੋਵੇਗਾ। ਸਾਊਦੀ ਅਰਬ ਦੇ ਡਾਇਰੈਕਟੋਰੇਟ ਜਨਰਲ ਆਫ ਪਬਲਿਕ ਸਕਿਓਰਿਟੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਕਿਹਾ ਗਿਆ ਸੀ ਕਿ ਯਾਤਰੀਆਂ ਨੂੰ ਬਿਨਾਂ ਪਰਮਿਟ ਦੇ ਮੱਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


ਦੱਸਿਆ ਜਾ ਰਿਹਾ ਹੈ ਕਿ ਸਾਊਦੀ ਸਰਕਾਰ ਹੱਜ ਯਾਤਰੀਆਂ ਲਈ ਪ੍ਰਬੰਧ ਕਰਨ 'ਚ ਲੱਗੀ ਹੋਈ ਹੈ। ਅੰਦਾਜ਼ਾ ਹੈ ਕਿ ਇਸ ਵਾਰ ਹੱਜ ਯਾਤਰੀਆਂ ਦੀ ਰਿਕਾਰਡ ਗਿਣਤੀ ਸਾਊਦੀ ਪਹੁੰਚ ਸਕਦੀ ਹੈ। ਰਿਪੋਰਟ ਮੁਤਾਬਕ ਸਾਊਦੀ 20 ਲੱਖ ਤੋਂ ਵੱਧ ਹੱਜ ਯਾਤਰੀਆਂ ਦੇ ਸਵਾਗਤ ਦੀ ਤਿਆਰੀ ਕਰ ਰਿਹਾ ਹੈ। ਕਈ ਪ੍ਰਾਈਵੇਟ ਏਜੰਸੀਆਂ ਵੀ ਹੱਜ ਯਾਤਰਾ ਲਈ ਸਾਊਦੀ ਸਰਕਾਰ ਦੀ ਮਦਦ ਕਰ ਰਹੀਆਂ ਹਨ।