ਅੰਮ੍ਰਿਤਸਰ: ਭਾਰਤ ਦੇ ਬਾਅਦ ਅੱਜ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਦਾ ਸਮਾਗਮ ਹੋਏਗਾ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਾਂਘੇ ਦੇ ਪਾਕਿਸਤਾਨ ਵਾਲੇ ਹਿੱਸੇ ਦਾ ਨੀਂਹ ਪੱਥਰ ਰੱਖਣਗੇ। ਭਾਰਤੀ ਸਮੇਂ ਮੁਤਾਬਕ ਨੀਂਹ ਪੱਥਰ ਦਾ ਸਮਾਗਮ 2:30 ਵਜੇ ਸ਼ੁਰੂ ਹੋਏਗਾ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੱਲ੍ਹ ਦੇ ਹੀ ਪਾਕਿਸਤਾਨ ਪੁੱਜ ਚੁੱਕੇ ਸਨ। ਭਾਰਤ ਸਰਕਾਰ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਅੱਜ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚ ਚੁੱਕੇ ਹਨ।
ਨਵਜੋਤ ਸਿੰਘ ਸਿੱਧੂ ਨੇ ਸਮਾਗਮ ਵਿੱਚ ਸ਼ਾਲਮ ਹੋਣ ਸਬੰਧੀ ਕੱਲ੍ਹ ਕਿਹਾ ਸੀ ਕਿ ਗੁਰੂ ਨਾਨਾਕ ਲਈ ਉਹ ਕੰਡਿਆਂ ’ਤੇ ਤੁਰ ਕੇ ਵੀ ਪਾਕਿਸਤਾਨ ਜਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਲਾਹੌਰ ਤੋਂ ਗੱਲਾਂ-ਗੱਲਾਂ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਵੀ ਰਾਫੇਲ ਸੌਦੇ ਸਬੰਧੀ ਨਿਸ਼ਾਨਾ ਸਾਧਿਆ।
ਲੰਘੇ ਸੋਮਵਾਰ ਨੂੰ ਭਾਰਤ ਵੱਲੋਂ ਡੇਰਾ ਬਾਬਾ ਨਾਨਾਕ-ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ ਹੈ। ਲਾਂਘੇ ਦੇ ਨਿਰਮਾਣ ਦਾ ਕੰਮ 4 ਮਹੀਨਿਆਂ ਵਿੱਚ ਮੁਕੰਮਲ ਕੀਤੇ ਜਾਣ ਦੀ ਉਮੀਦ ਹੈ। ਪਾਕਿਸਤਾਨ ਵਾਲ ਪਾਸਿਓਂ 6 ਮਹੀਨਿਆਂ ਤਕ ਕੰਮ ਪੂਰਾ ਹੋਣ ਦੀ ਸੰਭਾਵਨਾ ਹੈ। ਲਾਂਘਾ ਬਣਨ ਬਾਅਦ ਸਿੱਖ ਸ਼ਰਧਾਲੂ ਬਗੈਰ ਵੀਜ਼ਾ ਪਾਕਿਸਤਾਨ ਵਿੱਚ ਰਾਵੀ ਦਰਿਆ ਦੇ ਕਿਨਾਰੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।