ਮੁਲਜ਼ਮ ਗੋਰੇ ਦੀ ਪਛਾਣ 47 ਸਾਲਾ ਡੇਲ ਰੌਬਰਟਸਨ ਵਜੋਂ ਹੋਈ ਹੈ, ਜਿਸ ਨੇ ਓਂਟਾਰੀਓ ਦੇ ਹੈਮਿਲਟਨ ਵਿੱਚ ਵਾਲਮਾਰਟ ਸੁਪਰ ਸਟੋਰ ਬਾਹਰ ਭਾਰਤੀ ਜੋੜੇ ਨਾਲ ਨਸਲੀ ਭੇਦਭਾਵ ਕੀਤਾ। ਉਸ ਸਮੇਂ ਉਸ ਨਾਲ ਬੱਚਾ ਵੀ ਬੈਠਾ ਦੱਸਿਆ ਜਾਂਦਾ ਹੈ। ਗੋਰੇ ਨੇ ਝਗੜਾ ਇੱਥੋਂ ਸ਼ੁਰੂ ਕੀਤਾ ਕਿ ਜਦ ਭਾਰਤੀ ਜੋੜਾ ਆਪਣੀ ਧੀ ਨਾਲ ਸਟੋਰ ਦੀ ਪਾਰਕਿੰਗ ਵਿੱਚ ਤੁਰਿਆ ਜਾ ਰਿਹਾ ਸੀ ਤੇ ਗੋਰੇ ਦੇ ਸਿਲਵਰ ਟਰੱਕ ਅੱਗੇ ਆ ਗਏ।
ਭਾਰਤੀ ਵਿਅਕਤੀ ਨੇ ਟਰੱਕ ਸਵਾਰ ਰੌਬਰਟਸਨ ਨੂੰ ਵਰਜਦਿਆਂ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਲਈ ਇਹ ਉਦਾਰਹਣ ਖੜ੍ਹੀ ਕਰ ਰਹੇ ਹੋ। ਇਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਗੋਰੇ ਨੇ ਭਾਰਤੀ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ। ਉਸ ਨੇ ਵਾਪਸ ਪੁੱਛਿਆ ਕਿ ਤੁਸੀਂ ਮੈਨੂੰ ਮੇਰੇ ਦੇਸ਼ ਵਾਪਸ ਜਾਣ ਲਈ ਕਹਿ ਰਹੇ ਹੋ? ਮੈਂ ਕੈਨੇਡਾ ਦਾ ਨਾਗਰਿਕ ਹਾਂ। ਉਸ ਤੋਂ ਬਾਅਦ ਰੌਬਰਟਸਨ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ, ਸਾਬਤ ਕਰੋ।
ਇਸ ਤੋਂ ਬਾਅਦ ਉਹ ਹੋਰ ਹਰਖ਼ ਗਿਆ ਤੇ ਕਹਿਣ ਲੱਗਾ ਤੁਸੀਂ ਕੈਨੇਡੀਅਨ ਵਾਂਗ ਨਹੀਂ ਬੋਲਦੇ, ਮੈਂ ਨਸਲੀ ਪ੍ਰਵਿਰਤੀ ਵਾਲਾ ਹਾਂ, ਮੈਂ ਨਾ ਤੈਨੂੰ ਤੇ ਨਾ ਤੇਰੀ ਪਤਨੀ ਨੂੰ ਪਸੰਦ ਕਰਦਾ ਹਾਂ। ਉਸ ਨੇ ਅੱਗੇ ਇਹ ਵੀ ਕਹਿ ਦਿੱਤਾ ਕਿ ਮੈਂ ਪਹਿਲਾਂ ਤੇਰੇ ਬੱਚਿਆਂ ਨੂੰ ਮਾਰ ਦਿਆਂਗਾ। ਇਸ ਤੋਂ ਬਾਅਦ ਉਹ ਉੱਥੋਂ ਆਪਣੀ ਗੱਡੀ ਲੈ ਕੇ ਚਲਾ ਗਿਆ।
ਹੈਮਿਲਟਨ ਪੁਲਿਸ ਦੇ ਜਾਂਚ ਅਫ਼ਸਰ ਨੇ ਪੌਲ ਕੋਰਿਗਨ ਨੇ ਕਿਹਾ ਕਿ ਜੋੜਾ ਜਿਸ ਨਾਲ ਇਹ ਹਾਦਸਾ ਵਾਪਰਿਆ, ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਹਿਲਾਂ ਕਦੇ ਵੀ ਅਜਿਹਾ ਅਨੁਭਵ ਨਹੀਂ ਕੀਤਾ। ਪੁਲਿਸ ਨੇ ਰੌਬਰਟਸਨ ਉੱਪਰ ਮੌਤ ਦੀ ਧਮਕੀ, ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਤੇ ਘਟਨਾ ਸਥਾਨ ਤੋਂ ਗ਼ੈਰਮੌਜੂਦ ਹੋਣ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਹੁਣ ਤਕ ਨਸਲੀ ਤੇ ਵਿਤਕਰੇ ਸਬੰਧੀ ਕੁੱਲ 58 ਜੁਰਮ ਦਰਜ ਕੀਤੇ ਹਨ। ਇਸ ਤੋਂ ਪਿਛਲੇ ਪੂਰੇ ਸਾਲ ਦੌਰਾਨ ਵੀ ਇੰਨੇ ਕੁ ਅਜਿਹੇ ਮਾਮਲੇ ਦਰਜ ਕੀਤੇ ਗਏ ਸਨ। ਪਰ ਇਸ ਸਾਲ ਅੰਕੜਾ ਵਧ ਗਿਆ ਹੈ।