ਜਾ ਕੋ ਰਾਖੈ ਸਾਈਆਂ: ਭਿਆਨਕ ਹਾਦਸੇ 'ਚ ਫਟਿਆ ਮਾਂ ਦਾ ਪੇਟ, ਦੂਰ ਜਾ ਡਿੱਗੀ ਬੱਚੀ
ਏਬੀਪੀ ਸਾਂਝਾ | 31 Jul 2018 01:34 PM (IST)
ਬ੍ਰਜ਼ੀਲੀਆ: ਬ੍ਰਾਜ਼ੀਲ ਵਿੱਚ ਇੱਕ ਕੁਦਰਤੀ ਕ੍ਰਿਸ਼ਮਾ ਵੇਖਣ ਨੂੰ ਮਿਲਿਆ। ਇੱਕ ਬੱਚੀ ਦਾ ਜਨਮ ਦੁਰਘਟਨਾ ਦੌਰਾਨ ਹੋਇਆ। ਹਾਲਾਂਕਿ, ਹਾਦਸੇ ਵਿੱਚ ਉਸ ਮਾਂ ਦੀ ਮੌਤ ਹੋ ਗਈ ਪਰ ਗਰਭ 'ਚੋਂ ਨਿਕਲਣ ਤੋਂ ਬਾਅਦ ਬੱਚੀ ਨੂੰ ਝਰੀਟ ਤਕ ਨਹੀਂ ਆਈ। ਇਹ ਹਾਦਸਾ ਦੱਖਣੀ-ਪੂਰਬੀ ਬ੍ਰਾਜ਼ੀਲ ਦੇ ਕਜ਼ਾਤੀ ਵਿੱਚ ਵਾਪਰਿਆ। ਹਾਦਸਾ ਇੰਨਾ ਦਹਿਲਾਉਣ ਵਾਲਾ ਸੀ, ਜਿਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਇੱਕ ਗਰਭਵਤੀ ਔਰਤ ਟਰੱਕ ਰਾਹੀਂ ਕਿਤੇ ਜਾ ਰਹੀ ਸੀ ਕਿ ਰਸਤੇ ਵਿੱਚ ਟਰੱਕ ਚਾਲਕ ਇਸ 'ਤੇ ਆਪਣਾ ਕੰਟਰੋਲ ਗੁਆ ਬੈਠਾ ਤੇ ਪਲਟ ਗਿਆ। ਹਾਦਸੇ ਵਿੱਚ ਉਕਤ ਔਰਤ ਟਰੱਕ ਦੇ ਕੈਬਿਨ ਵਿੱਚੋਂ ਉੱਛਲ ਕੇ ਹੇਠਾਂ ਡਿੱਗ ਗਈ ਤੇ ਉਸ ਉੱਪਰ ਟਰੱਕ ਵਿੱਚ ਲੱਦੀਆਂ ਲੱਕੜਾਂ ਡਿੱਗ ਗਈਆਂ। ਹਾਦਸੇ ਵਿੱਚ ਗਰਭਵਤੀ ਮਹਿਲਾ ਦੇ ਢਿੱਡ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਪੇਟ ਫਟ ਗਿਆ ਤੇ ਬੱਚੀ ਬਾਹਰ ਆ ਗਈ। ਇਸ ਦੌਰਾਨ ਚਮਤਕਾਰੀ ਰੂਪ ਨਾਲ ਨਾੜੂਆ ਆਪਣੇ ਆਪ ਕੱਟਿਆ ਗਿਆ ਤੇ ਬੱਚੀ ਮਾਂ ਤੋਂ ਵੱਖ ਹੋ ਕੇ ਕੁਝ ਮੀਟਰ ਦੂਰ ਜਾ ਡਿੱਗੀ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੱਚੀ ਪੂਰੀ ਤਰ੍ਹਾਂ ਸਹੀ ਸਲਾਮਤ ਬਚ ਗਈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਜਦ ਔਰਤ ਦੀ ਲਾਸ਼ ਨੂੰ ਲੱਕੜਾਂ ਹੇਠ ਦੇਖਿਆ ਤਾਂ ਕੁਝ ਦੂਰੀ 'ਤੇ ਨਵਜਨਮੀ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਬੱਚੀ ਬਿਲਕੁਲ ਠੀਕ ਸੀ ਤੇ ਫਿਲਹਾਲ ਉਸ ਨੂੰ ਹਸਪਤਾਲ ਵਿੱਚ ਡਾਕਟਰਾਂ ਦੀ ਦੇਖਰੇਖ ਵਿੱਚ ਰੱਖਿਆ ਗਿਆ ਹੈ।