'ਆਪ' ਦੇ ਕਲ਼ੇਸ਼ ਤੋਂ ਐਨਆਰਆਈ ਔਖੇ
ਏਬੀਪੀ ਸਾਂਝਾ | 31 Jul 2018 11:01 AM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਤੇ ਕੇਂਦਰੀ ਹਾਈਕਮਾਨ ਵਿੱਚ ਜਾਰੀ ਕਾਟੋ ਕਲ਼ੇਸ਼ ਨੇ ਪਰਵਾਸੀ ਪੰਜਾਬੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਪਾਰਟੀ ਦੇ ਐਨਆਰਆਈ ਵਲੰਟੀਅਰ ਲੀਡਰਸ਼ਿਪ ਤੋਂ ਬਹੁਤ ਔਖੇ ਹਨ। ਪਰਵਾਸੀ ਭਾਰਤੀਆਂ ਨੇ ਪਾਰਟੀ ’ਤੇ ਭਾਰੀ ਖ਼ਰਚਾ ਕਰਕੇ ਮੀਟਿੰਗਾਂ ਲਈ ਫੰਡ ਦਿੱਤੇ ਹਨ, ਪਰ ਹੁਣ ਉਹ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਆਸਟ੍ਰੇਲੀਆ ਦੇ ਵੱਖ-ਵੱਖ ਗੁਰਦੁਆਰਿਆਂ ਤੇ ਪਾਰਕਾਂ ਵਿੱਚ ਜਿੱਥੇ ਵੀ ਚਾਰ ਪੰਜਾਬੀ ਜੁੜਦੇ ਹਨ, ਉਨ੍ਹਾਂ ਦੀ ਗੱਲਬਾਤ ਆਮ ਆਦਮੀ ਪਾਰਟੀ ਵਿੱਚ ਜਾਰੀ ਕਲ਼ੇਸ਼ ਹੀ ਹੈ। ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਪਾਰਕਲੀ ਦੇ ਕਰੀਬ ਡੇਢ ਦਹਾਕਾ ਸੇਵਾਦਾਰ ਰਹੇ ਅਤੇ ਆਸਟਰੇਲੀਅਨ ਆਰਮੀ ਵਿੱਚੋਂ ਸੇਵਾਮੁਕਤ ਸਾਰਜੰਟ ਮੇਜਰ ਕੁਲਦੀਪ ਸਿੰਘ ਨੇ ਮੰਗ ਕੀਤੀ ਖਹਿਰਾ ਨੂੰ ਮੁੜ ਅਹੁਦੇ ’ਤੇ ਬਹਾਲ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਦਲੇਰੀ ਨਾਲ ਖਹਿਰਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਆਗੂਆਂ ਨਾਲ ਤਰਕ ਨਾਲ ਸ਼ਬਦੀ ਜੰਗ ਵਿੱਚ ਟੱਕਰ ਲੈਂਦਾ ਹੈ, ਉਸ ਦੀ ਮਿਸਾਲ ਕੀਤੇ ਹੋਰ ਨਹੀਂ ਮਿਲਦੀ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਸਟਰੇਲੀਆ ਆਏ ‘ਆਪ’ ਆਗੂ ਐੱਚ.ਐੱਸ. ਫੂਲਕਾ ਦੀ ਆਓ ਭਗਤ ਅਤੇ ਫੰਡ ਇਕੱਠਾ ਕਰਵਾਉਣ ਵਿੱਚ ਲੱਗੇ ਰਹੇ ਇੱਕ ਪਰਵਾਸੀ ਨੇ ਕਿਹਾ ਕਿ ਉਹ ਉਨ੍ਹਾਂ ਦੋਸਤਾ ਤੋਂ ਵੀ ਸ਼ਰਮਸਾਰ ਹੈ, ਜਿਨ੍ਹਾਂ ਪਾਸੋਂ ਚੋਣ ਫੰਡ ਲੈ ਕੇ ਪਾਰਟੀ ਲੇਖੇ ਲਾਇਆ। 'ਆਪ' ਦੇ ਇੱਕ ਐਨਆਰਆਈ ਸਮਰਥਕ ਹੋਰ ਨੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਕਨਵੀਨਰ ਦੇ ਅਹੁਦੇ ਤੋਂ ਲਾਹੁਣ ਲਈ ਆਸਟਰੇਲੀਆ ਤੋਂ ਗਈ ਚਿੱਠੀ ਦਾ ਹਵਾਲਾ ਹੁਣ ਤੱਕ ਰਾਜ਼ ਬਣਿਆ ਰਹਿਣਾ ਪਾਰਟੀ ਦੀ ਅੰਦਰੂਨੀ ਖਹਿਬਾਜ਼ੀ ਤੋਂ ਵੱਧ ਹੋਰ ਕੁਝ ਨਹੀਂ ਹੈ। ਇਹ ਪੰਜਾਬ ਲਈ ਮੰਦਭਾਗਾ ਹੀ ਹੈ।