ਵਾਸ਼ਿੰਗਟਨ : ਉੱਤਰੀ ਕੋਰੀਆ ਤੋਂ ਵੱਧਦੇ ਖ਼ਤਰੇ ਦਰਮਿਆਨ ਅਮਰੀਕਾ ਦੇ ਹਵਾਈ ਸੂਬੇ 'ਚ ਮਿਜ਼ਾਈਲ ਹਮਲੇ ਦੇ ਅਲਰਟ ਨਾਲ ਤਰਥੱਲੀ ਮੱਚ ਗਈ। ਉਸ ਸਮੇਂ ਸ਼ਨਿਚਰਵਾਰ ਸਵੇਰ ਦੇ ਅੱਠ ਵੱਜ ਕੇ ਸੱਤ ਮਿੰਟ (ਭਾਰਤੀ ਸਮੇਂ ਅਨੁਸਾਰ ਰਾਤ ਸਾਢੇ 11 ਵਜੇ) ਹੋਏ ਸਨ। ਹਵਾਈ ਵਾਸੀਆਂ ਦੇ ਮੋਬਾਈਲ ਫੋਨ 'ਤੇ ਐਮਰਜੈਂਸੀ ਸੰਦੇਸ਼ ਆਇਆ। ਇਸ ਨੂੰ ਪੜ੍ਹਦੇ ਹੀ ਲੋਕਾਂ ਦੇ ਹੋਸ਼ ਉੱਡ ਗਏ।
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਧਮਕੀ ਯਾਦ ਆ ਗਈ। ਸੰਦੇਸ਼ 'ਚ ਲਿਖਿਆ ਸੀ, 'ਹਵਾਈ ਵੱਲ ਵੱਧਦੇ ਬੈਲਿਸਟਿਕ ਮਿਜ਼ਾਈਲ ਦਾ ਖ਼ਤਰਾ। ਤੁਰੰਤ ਸ਼ਰਨ ਲਉ। ਇਹ ਕੋਈ ਡਿ੍ਰਲ ਨਹੀਂ ਹੈ।' ਹਾਲਾਂਕਿ 10 ਮਿੰਟ ਬਾਅਦ ਵੀ ਹਵਾਈ ਐਮਰਜੈਂਸੀ ਮੈਨੇਜਮੈਂਟ ਏਜੰਸੀ ਅਤੇ ਅਮਰੀਕੀ ਪੈਸੇਫਿਕ ਕਮਾਂਡ ਨੇ ਟਵੀਟ ਕਰ ਕੇ ਅਜਿਹੇ ਕਿਸੇ ਸੰਕਟ ਤੋਂ ਇਨਕਾਰ ਕੀਤਾ।
ਹਵਾਈ ਦੇ ਗਵਰਨਰ ਡੇਵਿਡ ਈਗੇ ਨੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਇਹ ਮਨੁੱਖੀ ਭੁੱਲ ਦਾ ਨਤੀਜਾ ਹੈ। ਏਜੰਸੀ ਦੇ ਮੁਲਾਜ਼ਮ ਨੇ ਗ਼ਲਤ ਬਟਨ ਦਬਾ ਦਿੱਤਾ ਸੀ। ਮੋਬਾਈਲ 'ਤੇ ਐਮਰਜੈਂਸੀ ਅਲਰਟ ਆਉਂਦੇ ਹੀ ਲੋਕ ਇਧਰ-ਉਧਰ ਸੁਰੱਖਿਅਤ ਥਾਂ ਦੀ ਭਾਲ 'ਚ ਭੱਜਣ ਲੱਗੇ। ਕੁਝ ਨੇ ਇਸ ਨੂੰ ਦਿਲ ਦਾ ਦੌਰਾ ਪੈਣ ਵਾਲੀ ਸਥਿਤੀ ਦੱਸਿਆ। ਲੋਕ ਸਮਝ ਨਹੀਂ ਪਾ ਰਹੇ ਸਨ ਕਿ ਕਿਹੜਾ ਥਾਂ ਮਿਜ਼ਾਈਲ ਤੋਂ ਉਨ੍ਹਾਂ ਦੀ ਰੱਖਿਆ ਕਰ ਸਕਦਾ ਹੈ। ਇਸ ਮਾਮਲੇ 'ਚ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਅਜੀਤ ਪਈ ਨੇ ਜਾਂਚ ਦੌਰਾਨ ਆਦੇਸ਼ ਦੇ ਦਿੱਤੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।

ਡੈਮੋਯੇਟਿਕ ਪਾਰਟੀ ਦੀ ਐੱਮਪੀ ਤੁਲਸੀ ਗੇਬਾਰਡ ਨੇ ਕਿਹਾ ਕਿ 10 ਲੱਖ ਤੋਂ ਜ਼ਿਆਦਾ ਲੋਕ ਲਗਪਗ ਅੱਧੇ ਘੰਟੇ ਲਈ ਹੈਰਾਨ ਰਹਿ ਗਏ। ਸੱਚ 'ਚ ਹਮਲਾ ਹੋਣ 'ਤੇ ਇਥੋਂ ਦੀ ਸਥਿਤੀ ਕੀ ਹੁੰਦੀ। ਉਨ੍ਹਾਂ ਨੇ ਟਰੰਪ 'ਤੇ ਉੱਤਰੀ ਕੋਰੀਆ ਦੀ ਧਮਕੀ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਵੀ ਦੋਸ਼ ਲਗਾਇਆ।