ਯੇਰੂਸ਼ਲਮ : ਇਜ਼ਰਾਈਲੀ ਫ਼ੌਜ ਨੇ ਇਕ ਅਜਿਹੀ ਸੁਰੰਗ ਤਲਾਸ਼ ਕਰ ਕੇ ਉਸ ਨੂੰ ਨਸ਼ਟ ਕੀਤਾ ਹੈ ਜੋ ਗਾਜ਼ਾ ਅਤੇ ਮਿਸਰ ਨਾਲ ਜੁੜੀ ਹੋਈ ਸੀ। ਇਸ ਸੁਰੰਗ ਦਾ ਇਜ਼ਰਾਈਲ 'ਤੇ ਹਮਲੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਸ ਨੂੰ ਚਰਮਪੰਥੀ ਸੰਗਠਨ ਹਮਾਸ ਨੇ ਤਿਆਰ ਕੀਤਾ ਸੀ। ਇਸੇ ਸੰਗਠਨ ਦਾ ਫਲਸਤੀਨੀ ਕਬਜ਼ੇ ਵਾਲੀ ਗਾਜ਼ਾ ਪੱਟੀ 'ਤੇ ਕੰਟਰੋਲ ਹੈ।
ਇਜ਼ਰਾਈਲੀ ਫ਼ੌਜ ਦੇ ਬੁਲਾਰੇ ਕਰਨਲ ਜੋਨਾਥਨ ਕਾਨਰੀਕਸ ਮੁਤਾਬਕ, ਨਸ਼ਟ ਕੀਤੀ ਗਈ ਸੁਰੰਗ ਡੇਢ ਕਿਲੋਮੀਟਰ ਲੰਬੀ ਸੀ। ਇਸ ਨਾਲ ਇਜ਼ਰਾਈਲ 'ਤੇ ਹਮਲਾ ਕਰ ਕੇ ਅੱਤਵਾਦੀ ਆਸਾਨੀ ਨਾਲ ਮਿਸਰ ਭੱਜ ਜਾਂਦੇ ਸਨ। ਇਸ ਤਰ੍ਹਾਂ ਨਾਲ ਉਹ ਗਾਜ਼ਾ ਵਿਚ ਇਜ਼ਰਾਈਲ ਦੀ ਜਵਾਬੀ ਕਾਰਵਾਈ ਤੋਂ ਬਚ ਜਾਂਦੇ ਸਨ।
ਇਜ਼ਰਾਈਲੀ ਫ਼ੌਜ ਨੇ ਹੁਣ ਮਿਸਰ ਸਰਹੱਦ ਨਾਲ ਲੱਗਣ ਵਾਲੀ ਗਾਜ਼ਾ ਪੱਟੀ ਦੀ ਕੈਰੇਮ ਸ਼ੈਲਮ ਸਰਹੱਦ ਨੂੰ ਵੀ ਬੰਦ ਕਰ ਦਿੱਤਾ ਹ। ਇਸ ਰਸਤੇ ਨਾਲ ਹੀ ਮਿਸਰ ਤੋਂ ਗਾਜ਼ਾ ਵਿਚ ਜ਼ਰੂਰੀ ਸਾਮਾਨ ਪਹੁੰਚਦਾ ਸੀ।
ਗਾਜ਼ਾ ਦੇ ਲੋਕਾਂ ਮੁਤਾਬਕ, ਸ਼ਨਿਚਰਵਾਰ ਰਾਤ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਮਿਸਰ ਦੀ ਸਰਹੱਦ 'ਤੇ ਸਥਿਤ ਗਾਜ਼ਾ ਦੇ ਸ਼ਹਿਰ ਰਫਾਹ 'ਤੇ ਵੀ ਬੰਬਾਰੀ ਕੀਤੀ। ਇਸ ਹਮਲੇ 'ਤੇ ਇਜ਼ਰਾਈਲ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਮਿਸਰ ਦੀ ਸਰਕਾਰ ਤੇ ਹਮਾਸ ਨੇ ਵੀ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ।