Heart Attack: ਹਾਰਟ ਅਟੈਕ ਨਾਲ ਮੌਤਾਂ ਆਮ ਹੀ ਹੋਰ ਗਈਆਂ ਹਨ। ਇਹ ਇੱਕ ਘਾਤਕ ਬਿਮਾਰੀ ਹੈ ਜੋ ਕਿਸੇ ਨੂੰ ਵੀ, ਕਿਸੇ ਵੀ ਸਮੇਂ ਤੇ ਕਿਤੇ ਵੀ ਹੋ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਖੂਨ ਦੀ ਜਾਂਚ 6 ਮਹੀਨੇ ਪਹਿਲਾਂ ਦੱਸ ਸਕਦੀ ਹੈ ਕਿ ਤੁਹਾਨੂੰ ਦਿਲ ਦੇ ਦੌਰੇ ਦਾ ਖ਼ਤਰਾ ਹੈ ਜਾਂ ਨਹੀਂ? ਜੀ ਹਾਂ, ਵਿਗਿਆਨੀਆਂ ਨੇ ਇੱਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ ਜੋ ਖੂਨ ਵਿੱਚ ਮੌਜੂਦ ਕੁਝ ਅਣੂਆਂ ਦਾ ਪਤਾ ਲਾ ਕੇ ਦਿਲ ਦੇ ਦੌਰੇ ਦੀ ਸੰਭਾਵਨਾ ਦਾ ਅੰਦਾਜ਼ਾ ਲਾ ਸਕਦੀ ਹੈ।


ਦਰਅਸਲ ਸਵੀਡਨ ਦੀ ਉਪਸਾਲਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਨਵਾਂ ਅਧਿਐਨ ਕੀਤਾ ਹੈ ਜਿਸ ਅਨੁਸਾਰ ਭਵਿੱਖ ਵਿੱਚ ਖੂਨ ਵਿੱਚ ਕੁਝ ਪ੍ਰੋਟੀਨ ਦੀ ਮਾਤਰਾ ਦੁਆਰਾ ਦਿਲ ਦੇ ਦੌਰੇ ਦਾ ਪਤਾ ਲਾਇਆ ਜਾ ਸਕਦਾ ਹੈ। ਇਹ ਟੈਸਟ ਲਗਪਗ 6 ਮਹੀਨੇ ਪਹਿਲਾਂ ਸੰਭਾਵੀ ਦਿਲ ਦੇ ਦੌਰੇ ਦਾ ਸੰਕੇਤ ਦੇ ਸਕਦਾ ਹੈ।



ਅਧਿਐਨ ਕਿਵੇਂ ਕੀਤਾ ਗਿਆ?
ਅਧਿਐਨ ਵਿੱਚ 169,053 ਲੋਕਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਨੂੰ ਪਹਿਲਾਂ ਕਦੇ ਦਿਲ ਦੀ ਬਿਮਾਰੀ ਨਹੀਂ ਸੀ। ਇਨ੍ਹਾਂ ਵਿੱਚੋਂ 420 ਲੋਕਾਂ ਨੂੰ ਅਗਲੇ 6 ਮਹੀਨਿਆਂ ਵਿੱਚ ਪਹਿਲਾ ਦਿਲ ਦਾ ਦੌਰਾ ਪੈ ਗਿਆ। ਖੋਜਕਰਤਾਵਾਂ ਨੇ ਇਨ੍ਹਾਂ ਲੋਕਾਂ ਦੇ ਖੂਨ ਦੀ ਤੁਲਨਾ 1598 ਸਿਹਤਮੰਦ ਲੋਕਾਂ ਦੇ ਖੂਨ ਨਾਲ ਕੀਤੀ। ਟੈਸਟ 'ਚ ਖੂਨ 'ਚ ਅਜਿਹੇ 91 ਅਣੂ ਮਿਲੇ ਹਨ, ਜਿਨ੍ਹਾਂ ਨੂੰ ਹਾਰਟ ਅਟੈਕ ਦਾ ਸੰਕੇਤ ਮੰਨਿਆ ਜਾ ਸਕਦਾ ਹੈ।


ਅਣੂਆਂ ਬਾਰੇ ਹੋਰ ਖੋਜ ਦੀ ਲੋੜ
ਅਧਿਐਨ ਦੇ ਪ੍ਰਮੁੱਖ ਲੇਖਕ ਡਾਕਟਰ ਜੋਹਾਨ ਸੁੰਡਸਟ੍ਰੋਮ ਦਾ ਕਹਿਣਾ ਹੈ ਕਿ ਇਨ੍ਹਾਂ ਅਣੂਆਂ 'ਤੇ ਹੋਰ ਖੋਜ ਦੀ ਲੋੜ ਹੈ। ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਡਾਕਟਰਾਂ ਕੋਲ ਪਹਿਲਾਂ ਤੋਂ ਉਪਲਬਧ ਟੈਸਟਾਂ ਦੁਆਰਾ ਦਿਲ ਦੇ ਦੌਰੇ ਦੇ ਜੋਖਮ ਦਾ ਪਤਾ ਲਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਟੈਸਟ ਬ੍ਰੇਨ ਨੈਟਰੀਯੂਰੇਟਿਕ ਪੇਪਟਾਇਡ (BNP) ਦੀ ਮਾਤਰਾ ਨੂੰ ਮਾਪਦਾ ਹੈ। ਇਹ ਪ੍ਰੋਟੀਨ ਦਿਲ ਦੇ ਸੈੱਲਾਂ ਦੁਆਰਾ ਉੱਚ ਦਬਾਅ ਦੀਆਂ ਸਥਿਤੀਆਂ ਵਿੱਚ ਬਣਾਇਆ ਜਾਂਦਾ ਹੈ।


ਇੱਕ ਔਨਲਾਈਨ ਟੂਲ ਵੀ ਵਿਕਸਤ ਕੀਤਾ ਜਾ ਰਿਹਾ
ਖੋਜਕਰਤਾ ਇੱਕ ਔਨਲਾਈਨ ਟੂਲ ਵੀ ਵਿਕਸਤ ਕਰ ਰਹੇ ਹਨ ਜਿਸ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਨੂੰ ਚੰਗੇ ਤੇ ਮਾੜੇ ਕੋਲੈਸਟ੍ਰੋਲ, ਕਮਰ ਦੀ ਮੋਟਾਈ, ਕੱਦ ਆਦਿ ਦੀ ਜਾਣਕਾਰੀ ਦੇ ਕੇ ਅਗਲੇ 6 ਮਹੀਨਿਆਂ ਵਿੱਚ ਦਿਲ ਦੇ ਦੌਰੇ ਦੀ ਸੰਭਾਵਨਾ ਦਾ ਪਤਾ ਲਾਇਆ ਜਾ ਸਕਦਾ ਹੈ। ਹਾਲਾਂਕਿ, ਡਾਕਟਰ ਜੇਨ ਮੋਰਗਨ ਦਾ ਕਹਿਣਾ ਹੈ ਕਿ ਇਹ ਅਧਿਐਨ ਅਜੇ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਤੇ ਹੋਰ ਖੋਜ ਦੀ ਲੋੜ ਹੈ। ਇਹ ਟੈਸਟ ਵਰਤਮਾਨ ਵਿੱਚ ਖੋਜਕਰਤਾਵਾਂ ਤੇ ਡਾਕਟਰਾਂ ਲਈ ਤਿਆਰ ਕੀਤਾ ਗਿਆ ਹੈ।