Meningococcal Disease: ਦੁਨੀਆ ਦੇ ਕਈ ਦੇਸ਼ਾਂ ਵਿੱਚ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਕੋਰੋਨਾ ਮਹਾਮਾਰੀ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਕੇਸਾਂ ਵਿੱਚ ਅਚਾਨਕ ਵਾਧਾ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਕੋਰੋਨਾ ਸੰਕਰਮਣ ਦੀ ਸਥਿਤੀ ਕਾਬੂ ਵਿੱਚ ਨਜ਼ਰ ਆ ਰਹੀ ਪਰ ਇਸ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਇਸ ਛੂਤ ਵਾਲੀ ਬਿਮਾਰੀ ਦੇ ਜੋਖਮਾਂ ਪ੍ਰਤੀ ਸਾਵਧਾਨ ਰਹੀਏ।
ਨੀਸੇਰੀਆ ਮੇਨਿੰਗਿਟਿਡਿਸ
ਇਸ ਦੌਰਾਨ ਕੋਰੋਨਾ ਦੇ ਚੱਲ ਰਹੇ ਖ਼ਤਰੇ ਦੇ ਵਿਚਕਾਰ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਇੱਕ ਹੋਰ ਗੰਭੀਰ ਸੰਕਰਮਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨੇ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਨੂੰ ਕੋਰੋਨਾ ਨਾਲੋਂ ਜ਼ਿਆਦਾ ਘਾਤਕ ਦੱਸਿਆ ਜਾਂਦਾ ਹੈ ਤੇ ਇਸ ਦੀ ਮੌਤ ਦਰ ਵੀ ਕਿਤੇ ਜ਼ਿਆਦਾ ਹੈ। ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਹਾਲ ਹੀ ਵਿੱਚ ਇੱਕ ਸਿਹਤ ਚੇਤਾਵਨੀ ਵਿੱਚ ਕਿਹਾ ਹੈ ਕਿ ਬਹੁਤ ਸਾਰੇ ਸ਼ਹਿਰਾਂ ਵਿੱਚ ਨੀਸੇਰੀਆ ਮੇਨਿੰਗਿਟਿਡਿਸ (Neisseria Meningitidis) ਬੈਕਟੀਰੀਆ ਕਾਰਨ ਗੰਭੀਰ ਬੀਮਾਰੀਆਂ ਤੇ ਹਸਪਤਾਲਾਂ ਦੀ ਭੀੜ ਵਿੱਚ ਵਾਧਾ ਹੋਇਆ ਹੈ। ਇਹ ਬੈਕਟੀਰੀਆ ਦੀ ਲਾਗ ਮੈਨਿੰਗੋਕੋਕਲ ਨਾਮਕ ਬਿਮਾਰੀ ਦਾ ਕਾਰਨ ਬਣਦੀ ਹੈ। 30-60 ਸਾਲ ਦੀ ਉਮਰ ਦੇ ਲੋਕਾਂ ਨੂੰ ਵਧੇਰੇ ਜੋਖਮ ਹੋ ਸਕਦਾ ਹੈ। ਮੈਨਿੰਗੋਕੋਕਲ ਬਿਮਾਰੀ ਦਿਮਾਗ, ਰੀੜ੍ਹ ਦੀ ਹੱਡੀ ਤੇ ਖੂਨ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਦੀ ਮੌਤ ਦਰ ਕਾਫੀ ਉੱਚੀ ਹੁੰਦੀ ਹੈ।
CDC ਵੱਲੋਂ ਵਧਦੀ ਲਾਗ ਬਾਰੇ ਚੇਤਾਵਨੀ
ਸੀਡੀਸੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ ਸਾਲ ਸੰਯੁਕਤ ਰਾਜ ਵਿੱਚ ਮੈਨਿੰਗੋਕੋਕਲ ਬਿਮਾਰੀ ਦੇ 422 ਮਾਮਲੇ ਦਰਜ ਕੀਤੇ ਗਏ ਸਨ, ਜੋ 2014 ਤੋਂ ਬਾਅਦ ਸਭ ਤੋਂ ਵੱਧ ਗਿਣਤੀ ਹੈ। ਇਕੱਲੇ ਇਸ ਹਫਤੇ ਤੱਕ ਅਮਰੀਕਾ ਵਿੱਚ ਸੰਕਰਮਣ ਦੇ 143 ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਦਰਜ ਕੀਤੇ ਗਏ ਕੇਸਾਂ ਨਾਲੋਂ ਇਸ ਸਾਲ ਹੁਣ ਤੱਕ ਕਰੀਬ 60 ਵੱਧ ਮਾਮਲੇ ਸਾਹਮਣੇ ਆਏ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਬਹੁਤ ਖ਼ਤਰਨਾਕ ਹੈ। ਇਸ ਨਾਲ 10 ਤੋਂ 15 ਫੀਸਦੀ ਮਰੀਜ਼ ਮਰ ਜਾਂਦੇ ਹਨ। ਹਰ ਕਿਸੇ ਨੂੰ ਇਸ ਗੰਭੀਰ ਛੂਤ ਵਾਲੀ ਬਿਮਾਰੀ ਬਾਰੇ ਸਾਵਧਾਨੀ ਵਰਤਣ ਦੀ ਲੋੜ ਹੈ।
ਮੈਨਿੰਗੋਕੋਕਲ ਬਿਮਾਰੀ ਬਾਰੇ ਜਾਣੋ
ਮਾਹਿਰਾਂ ਦਾ ਕਹਿਣਾ ਹੈ, ਮੈਨਿੰਗੋਕੋਕਲ ਬਿਮਾਰੀ ਦੇ ਮਾਮਲੇ ਵਿੱਚ, ਬੈਕਟੀਰੀਆ ਖੂਨ ਨੂੰ ਸੰਕਰਮਿਤ ਕਰ ਸਕਦੇ ਹਨ। ਇਸ ਕਾਰਨ ਸਰੀਰ ਵਿੱਚ ਕਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਬੈਕਟੀਰੀਆ ਸਾਹ ਤੇ ਗਲੇ ਦੁਆਰਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦਾ ਹੈ। ਉਨ੍ਹਾਂ ਲੋਕਾਂ ਵਿੱਚ ਆਮ ਤੌਰ 'ਤੇ ਜ਼ਿਆਦਾ ਜ਼ੋਖਮ ਦੇਖਿਆ ਜਾਂਦਾ ਹੈ ਜੋ ਚੁੰਮਦੇ, ਖੰਘਦੇ ਜਾਂ ਛਿੱਕਦੇ ਹਨ ਜਾਂ ਸੰਕਰਮਿਤ ਲੋਕਾਂ ਦੇ ਨਜ਼ਦੀਕੀ ਸੰਪਰਕ ਵਿੱਚ ਹਨ। ਸੀਡੀਸੀ ਨੇ ਕਿਹਾ ਕਿ ਇਸ ਦੇ ਸ਼ੁਰੂਆਤੀ ਲੱਛਣ ਹੋਰ ਲਾਗਾਂ ਦੇ ਨਾਲ ਮਿਲਦੇ-ਜੁਲਦੇ ਹੋ ਸਕਦੇ ਹਨ, ਹਾਲਾਂਕਿ ਇਸ ਦੇ ਹੋਰ ਗੰਭੀਰ ਹੋਣ ਦਾ ਖਤਰਾ ਰਹਿੰਦਾ ਹੈ, ਇਸ ਲਈ ਮਰੀਜ਼ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਰਹਿੰਦੀ ਹੈ।
ਇਸ ਬਿਮਾਰੀ ਦੇ ਲੱਛਣ ਕੀ ਹਨ?
ਮੈਨਿੰਗਿਕੋਕਲ ਬਿਮਾਰੀ ਦੇ ਲੱਛਣ ਤੇਜ਼ੀ ਨਾਲ ਵਿਗੜਦੇ ਹਨ, ਇਸੇ ਕਰਕੇ ਸਿਹਤ ਮਾਹਿਰ ਇਸ ਦੇ ਸਮੇਂ ਸਿਰ ਇਲਾਜ 'ਤੇ ਜ਼ੋਰ ਦਿੰਦੇ ਹਨ। ਸੰਕਰਮਣ ਦੇ ਮਾਮਲੇ ਵਿੱਚ, ਬੁਖਾਰ, ਸਿਰ ਦਰਦ, ਗਰਦਨ ਵਿੱਚ ਅਕੜਾਅ, ਚਮਕਦਾਰ ਰੌਸ਼ਨੀ ਤੋਂ ਬੇਅਰਾਮੀ, ਮਤਲੀ, ਉਲਟੀਆਂ ਜਾਂ ਦਸਤ ਵਰਗੀਆਂ ਸਮੱਸਿਆਵਾਂ ਦੇਖੀਆਂ ਗਈਆਂ ਹਨ। ਜਿਵੇਂ-ਜਿਵੇਂ ਲੱਛਣ ਵਧਦੇ ਹਨ, ਮਰੀਜ਼ਾਂ ਨੂੰ ਭੁੱਖ ਨਾ ਲੱਗਣਾ, ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ, ਚੱਲਣ ਤੇ ਖੜ੍ਹੇ ਹੋਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਿਮਾਰੀ ਦੀ ਰੋਕਥਾਮ ਤੇ ਇਲਾਜ ਕਿਵੇਂ ਕਰੀਏ?
ਮੈਨਿੰਗੋਕੋਕਲ ਰੋਗ ਦਾ ਇਲਾਜ ਐਂਟੀਬਾਇਓਟਿਕਸ ਨਾਲ ਕੀਤਾ ਜਾਂਦਾ ਹੈ। ਜਿੰਨੀ ਜਲਦੀ ਹੋ ਸਕੇ ਇਲਾਜ ਸ਼ੁਰੂ ਕਰਨਾ ਬਹੁਤ ਮਹੱਤਵਪੂਰਨ ਹੈ। ਹਾਲਾਂਕਿ, ਡੇਟਾ ਦਰਸਾਉਂਦਾ ਹੈ ਕਿ ਐਂਟੀਬਾਇਓਟਿਕਸ ਨਾਲ ਇਲਾਜ ਦੇ ਬਾਅਦ ਵੀ ਇਸ ਦੀ ਮੌਤ ਦਰ ਉੱਚੀ ਹੈ। ਇਸ ਤੋਂ ਇਲਾਵਾ, ਬਚਣ ਵਾਲੇ 20% ਲੋਕਾਂ ਨੂੰ ਲੰਬੇ ਸਮੇਂ ਦੇ ਨਤੀਜੇ ਜਿਵੇਂ ਬੋਲ਼ੇਪਣ, ਨਸਾਂ ਨੂੰ ਨੁਕਸਾਨ, ਗੁਰਦਿਆਂ ਦਾ ਨੁਕਸਾਨ ਜਾਂ ਗੰਭੀਰ ਦਿਮਾਗੀ ਬਿਮਾਰੀ ਹੋ ਸਕਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਨਫੈਕਸ਼ਨ ਤੋਂ ਬਚਣ ਲਈ ਟੀਕਾਕਰਣ ਕਰਵਾਉਣਾ ਤੇ ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾਈ ਰੱਖਣ ਨੂੰ ਰੋਕਥਾਮ ਲਈ ਜ਼ਰੂਰੀ ਮੰਨਿਆ ਜਾਂਦਾ ਹੈ।