ਅਮਰੀਕਾ ’ਚ ਹੁਣ ਮੰਦਰ ਬਣਨ ਲੱਗੇ ਨਿਸ਼ਾਨਾ
ਏਬੀਪੀ ਸਾਂਝਾ | 31 Jan 2019 03:01 PM (IST)
ਵਾਸ਼ਿੰਗਟਨ: ਅਮਰੀਕਾ ਦੇ ਕੇਂਟੁਕੀ ਸੂਬੇ ਵਿੱਚ ਨਸਲੀ ਨਫ਼ਰਤ ਤਹਿਤ ਇੱਕ ਹਿੰਦੂ ਮੰਦਰ ਵਿੱਚ ਤੋੜ-ਭੰਨ੍ਹ ਕੀਤੀ ਗਈ। ਭਗਵਾਨ ਦੀ ਮੂਰਤੀ ’ਤੇ ਕਾਲਾ ਪੇਂਟ ਛਿੜਕ ਦਿੱਤਾ ਤੇ ਮੁੱਖ ਸਭਾ ਵਿੱਚ ਰੱਖੀ ਕੁਰਸੀ ’ਤੇ ਵੀ ਚਾਕੂ ਮਾਰੇ ਗਏ। ਲੂਈਸਵਿਲੇ ਸ਼ਹਿਰ ਵਿੱਚ ਸਥਿਤ ਸਵਾਮੀਨਾਰਾਇਣ ਮੰਦਰ ਵਿੱਚ ਇਹ ਘਟਨਾ ਐਤਵਾਰ ਦੀ ਰਾਤ ਤੋਂ ਮੰਗਲਵਾਰ ਵਿਚਾਲੇ ਹੋਈ। ਸਥਾਨਕ ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਤੋੜ-ਭੰਨ੍ਹ ਨਾਲ ਭਗਵਾਨ ਦੀ ਮੂਰਤੀ ’ਤੇ ਕਾਲਖ਼ ਵੀ ਮਲੀ ਗਈ। ਖਿੜਕੀਆਂ ਤੋੜੀਆਂ ਗਈਆਂ, ਕੰਧਾਂ ’ਤੇ ਗ਼ਲਤ ਸੰਦੇਸ਼ ਅਤੇ ਚਿਤਰ ਬਣਾਏ ਗਏ। ਕੇਂਟੁਕੀ ਦੇ ਲੁਈਸਵਿਲੇ ਵਿੱਚ ਰਹਿਣ ਵਾਲਾ ਭਾਰਤੀ-ਅਮਰੀਕੀ ਤਬਕਾ ਇਸ ਘਟਨਾ ਬਾਅਦ ਕਾਫੀ ਗੁੱਸੇ ਵਿੱਚ ਹੈ। ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਨਸਲੀ ਨਫ਼ਰਤ ਦਾ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼ਹਿਰ ਦੇ ਮੇਅਰ ਗ੍ਰੇਗ ਫਿਸ਼ਰ ਨੇ ਸ਼ਹਿਰ ਦੇ ਲੋਕਾਂ ਨੂੰ ਅਜਿਹੇ ਨਸਲੀ ਅਪਰਾਧਾਂ ਖਿਲਾਫ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਘਟਨਾ ਦਾ ਮੁਆਇਨਾ ਕਰਨ ਬਾਅਦ ਫਿਸ਼ਰ ਨੇ ਕਿਹਾ ਕਿ ਜਦੋਂ ਵੀ ਅਜਿਹੀ ਘਟਨਾ ਵਾਪਰੇਗੀ, ਉਹ ਉਸ ਖਿਲਾਫ ਖੜੇ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹਿੰਦੂ ਮੰਦਰਾਂ ’ਤੇ ਹਮਲਿਆਂ ਦੇ ਮਾਮਲੇ ਵਧ ਗਏ ਹਨ।