ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ 'ਚ 3 ਕਰੋੜ ਤੋਂ ਜ਼ਿਆਦਾ ਲੋਕ ਇਨਫੈਕਟਡ ਹੋ ਚੁੱਕੇ ਹਨ। ਉੱਥੇ ਹੀ 10 ਲੱਖ ਤੋਂ ਜ਼ਿਆਦਾ ਦੀ ਮੌਤ ਹੋ ਗਈ ਹੈ। ਹੁਣ ਕੋਰੋਨਾ ਵਾਇਰਸ 'ਤੇ ਹੋਈ ਇਕ ਖੋਜ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਵਾਇਰਸ ਕੁਝ ਸਤ੍ਹਾ 'ਤੇ 28 ਦਿਨਾਂ ਤਕ ਜਿੰਦਾ ਰਹਿ ਸਕਦਾ ਹੈ। ਜਿਸ ਨਾਲ ਇਸ ਤੋਂ ਇਨਫੈਕਟਡ ਹੋਣ ਦਾ ਖਤਰਾ ਵਧ ਜਾਂਦਾ ਹੈ।


ਆਸਟਰੇਲੀਆਈ ਖੋਜੀਆਂ ਦੀ ਇਕ ਟੀਮ ਨੇ ਕੋਰੋਨਾ ਵਾਇਰਸ 'ਤੇ ਇਕ ਖੋਜ 'ਚ ਦੱਸਿਆ ਕਿ ਕੋਰੋਨਾ ਵੱਖ-ਵੱਖ ਤਾਪਮਾਨ ਦੀ ਸਥਿਤੀ 'ਚ ਕਈ ਦਿਨ ਜਿਉਂਦਾ ਰਹਿ ਸਕਦਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਇਹ ਕਾਫੀ ਖਤਰਨਾਕ ਹੋ ਸਕਦਾ ਹੈ। ਆਸਟਰੇਲੀਆ ਦੀ ਰਾਸ਼ਟਰੀ ਵਿਗਿਆਨ ਏਜੰਸੀ CSIRO ਦੇ ਅੰਤਰਗਤ ਇਹ ਅਧਿਐਨ ਕੀਤਾ ਗਿਆ ਹੈ।


CSIRO ਦੇ ਖੋਜੀਆਂ ਨੇ ਕਿਹਾ 20 ਡਿਗਰੀ ਸੈਲਸੀਅਸ 'ਤੇ ਕੋਰੋਨਾ ਵਾਇਰਸ ਕਾਫੀ ਐਕਟਿਵ ਸੀ। ਕੋਰੋਨਾ ਵਾਇਰਸ ਇਸ ਤਾਪਮਾਨ 'ਤੇ ਮੋਬਾਇਲ ਦੀ ਸਕ੍ਰੀਨ 'ਤੇ ਪਾਏ ਜਾਣ ਵਾਲੇ ਪਲਾਸਟਿਕ, ਬੈਂਕ ਨੋਟਾਂ ਅਤੇ ਗਲਾਸ ਜਿਹੀ ਚੀਕਣੀ ਸਤ੍ਹਾ 'ਤੇ 28 ਦਿਨ ਤਕ ਰਿਹਾ। ਇਹ ਖੋਜ ਵਾਇਰੋਲੌਜੀ ਜਰਨਲ 'ਚ ਪ੍ਰਕਾਸ਼ਤ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਦਾ ਕਿਸੇ ਦੂਜੇ ਤਰ੍ਹਾਂ ਦੇ ਫਲੂ ਵਾਇਰਸ ਤੋਂ ਲੰਬਾ ਜੀਵਨ ਕਾਲ ਹੋ ਸਕਦਾ ਹੈ।


ਖੋਜ 'ਚ ਕਿਹਾ ਗਿਆ ਕਿ ਇਸ ਕਾਰਨ ਬੈਂਕ ਦੇ ਨੋਟ ਸਭ ਤੋਂ ਜ਼ਿਆਦਾ ਖਤਰਨਾਕ ਹੋ ਸਕਦੇ ਹਨ। ਖੋਜ ਵਿਚ ਪਾਇਆ ਗਿਆ ਕਿ ਬਜ਼ਾਰ 'ਚ ਕੋਈ ਵੀ ਨੋਟ ਕਈ ਵਾਰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਪਹੁੰਚਦਾ ਰਹਿੰਦਾ ਹੈ। ਜਿਸ ਕਾਰਨ ਨੋਟ 'ਤੇ ਲੱਗੇ ਵਾਇਰਸ ਘਾਤਕ ਹੋ ਸਕਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ