ਕਰਾਚੀ- ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਆਪਣੇ ਆਪ ਨੂੰ ਲਸ਼ਕਰ-ਏ-ਤੋਇਬਾ ਤੇ ਉਸ ਦੇ ਮੋਢੀ ਹਾਫਿਜ਼ ਸਈਦ ਦਾ ਸਭ ਤੋਂ ਵੱਡਾ ਸਮਰਥਕ ਦੱਸਿਆ ਹੈ। ਮੁੰਬਈ ਹਮਲਿਆਂ ਦੇ ਮੁੱਖ ਸਾਜਿ਼ਸ਼ੀਏ ਅੱਤਵਾਦੀ ਹਾਫਿਜ਼ ਸਈਦ ਬਾਰੇ ਬੋਲਦੇ ਹੋਏ ਉਸ ਨੇ ਕਿਹਾ ਕਿ ਉਹ ਮੈਨੂੰ ਬਹੁਤ ਪਸੰਦ ਹੈ। ਜਨਰਲ ਮੁਸ਼ੱਰਫ ਨੇ ਹਾਫਿਜ਼ ਸਈਦ ਬਾਰੇ ਇਹ ਵੀ ਕਿਹਾ ਕਿ ਨਾ ਸਿਰਫ ਮੈਂ ਉਸ ਨੂੰ ਪਸੰਦਾ ਕਰਦਾ ਹਾਂ, ਸਗੋਂ ਉਹ ਵੀ ਮੈਨੂੰ ਪਸੰਦ ਕਰਦਾ ਹੈ। ਸਈਦ ਦੀ ਨਜ਼ਰਬੰਦੀ ਤੋਂ ਰਿਹਾਈ ਦੇ ਕੁਝ ਹੀ ਦਿਨ ਬਾਅਦ ਮੁਸ਼ੱਰਫ ਨੇ ਇਹ ਟਿੱਪਣੀ ਕੀਤੀ ਹੈ। ਇਸ ਸਾਲ ਜਨਵਰੀ ਤੋਂ ਹੀ ਹਾਫਿਜ਼ ਸਈਦ ਆਪਣੇ ਘਰ ਵਿਚ ਨਜ਼ਰਬੰਦ ਸੀ। ਹਾਲ ਹੀ ਵਿੱਚ 23 ਸਿਆਸੀ ਦਲਾਂ ਦੇ ਮਹਾ ਗਠਜੋੜ ਦਾ ਐਲਾਨ ਕਰਨ ਵਾਲਾ ਜਨਰਲ ਮੁਸ਼ੱਰਫ ਹਮੇਸ਼ਾ ਤੋਂ ਜੰਮੂ-ਕਸ਼ਮੀਰ ਵਿੱਚ ਕਾਰਵਾਈ ਕਰਨ ਤੇ ਭਾਰਤੀ ਫੌਜ ਨੂੰ ਦਬਾਉਣ ਦੇ ਪੱਖ ਵਿਚ ਬੋਲਦਾ ਰਿਹਾ ਹੈ। ਉਸ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਸਭ ਤੋਂ ਵੱਡੀ ਤਾਕਤ ਹੈ। ਭਾਰਤ ਨੇ ਅਮਰੀਕਾ ਨਾਲ ਸਾਂਝ ਪਾਉਣ ਤੋਂ ਬਾਅਦ ਹਾਫਿਜ਼ ਨੂੰ ਅੱਤਵਾਦੀ ਐਲਾਨ ਕਰਵਾ ਦਿੱਤਾ। ਪਾਕਿਸਤਾਨ ਵਿਚ ਜਮਾਤ-ਉਦ-ਦਾਵਾ ਦਾ ਮੁਖੀ ਅੱਜ ਵੀ ਹਾਫਿਜ਼ ਸਈਦ ਹੈ। ਅੱਗ ਉਗਲਣਾ ਇੱਥੇ ਹੀ ਬੰਦ ਨਾ ਕਰਦੇ ਹੋਏ ਜਨਰਲ ਮੁਸ਼ੱਰਫ ਨੇ ਇਹ ਵੀ ਕਿਹਾ ਕਿ ਲਸ਼ਕਰ-ਏ-ਤੋਇਬਾ ਹੁਣ ਕਸ਼ਮੀਰ ਵਿਚ ਹੈ ਅਤੇ ਇਹ ਸਾਡਾ ਤੇ ਕਸ਼ਮੀਰ ਦਾ ਮਾਮਲਾ ਹੈ। ਮੁਸ਼ੱਰਫ ਨੇ ਕਿਹਾ ਕਿ ਸਾਲ 1990 ਦੇ ਦਹਾਕੇ ਵਿਚ ਕਸ਼ਮੀਰ ਵਿਚ ਆਜ਼ਾਦੀ ਦਾ ਸੰਘਰਸ਼ ਸ਼ੁਰੂ ਹੋਇਆ ਸੀ, ਉਸ ਸਮੇਂ ਲਸ਼ਕਰ-ਏ-ਤੋਇਬਾ ਅਤੇ 12 ਹੋਰ ਸੰਗਠਨਾਂ ਦਾ ਗਠਨ ਹੋਇਆ ਸੀ। ਅਸੀਂ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ, ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਕੀਮਤ ਉੱਤੇ ਕਸ਼ਮੀਰ ਵਿੱਚ ਲੜ ਰਹੇ ਸਨ।