ਵਾਸ਼ਿੰਗਟਨ: ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਂਟੋਨੀਓ ਗੁਟੇਰੇਸ ਤੋਂ ਬਾਅਦ ਹੁਣ ਕਠੂਆ ਗੈਂਗਰੇਪ ਮਾਮਲੇ 'ਤੇ ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਦੀ ਮੁਖੀ ਕ੍ਰਿਸਟੀਨ ਲੋਗਾਰਡ ਨੇ ਵੀ ਰੋਸ ਜ਼ਾਹਰ ਕੀਤਾ ਹੈ। ਮਾਮਲੇ 'ਤੇ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ, "ਕਠੂਆ ਵਿੱਚ ਅੱਠ ਸਾਲ ਦੀ ਬੱਚੀ ਦਾ ਬਲਾਤਕਾਰ ਤੇ ਕਤਲ ਝਿੰਜੋੜਨ ਵਾਲਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਜਿਹੇ ਮਾਮਲਿਆਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।"
ਉਨ੍ਹਾਂ ਘਟਨਾ ਨੂੰ ਹੌਲਨਾਕ ਕਰਾਰ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਸਮੇਤ ਸਾਰੇ ਭਾਰਤੀ ਅਹੁਦੇਦਾਰ ਇਸ 'ਤੇ ਜ਼ਿਆਦਾ ਧਿਆਨ ਦੇਣਗੇ। ਲੇਗਾਰਡ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦ ਜੰਮੂ-ਕਸ਼ਮੀਰ ਦੇ ਕਠੂਆ ਤੇ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਹੋਏ ਬਲਾਤਕਾਰ ਦੇ ਮਾਮਲਿਆਂ 'ਤੇ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਹੈ।
ਲੇਗਾਰਡ ਨੇ ਦੱਸੀ ਆਪਣੀ ਨਿੱਜੀ ਰਾਏ
ਉਨ੍ਹਾਂ ਕਿਹਾ ਕਿ ਮੈਂ ਜਦ ਪਿਛਲੀ ਵਾਰ ਦਾਵੋਸ ਵਿੱਚ ਸੀ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਭਾਰਤ ਦੀਆਂ ਔਰਤਾਂ ਦਾ ਬਣਦਾ ਜ਼ਿਕਰ ਨਹੀਂ ਕੀਤਾ ਤੇ ਸਵਾਲ ਸਿਰਫ਼ ਉਨ੍ਹਾਂ ਬਾਰੇ ਗੱਲ ਕਰਨਾ ਹੀ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ IMF ਦੀ ਨਹੀਂ ਬਲਕਿ ਉਨ੍ਹਾਂ ਦੀ ਵਿਅਕਤੀਗਤ ਰਾਏ ਹੈ।
ਯੂਐਨ ਮੁਖੀ ਨੇ ਘਟਨਾ ਨੂੰ ਦੱਸਿਆ ਸੀ ਹੌਲਨਾਕ
ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਐਂਟੋਨੀਓ ਗੁਟੇਰੇਸ ਨੇ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਤੇ ਉਸ ਦੇ ਕਤਲ ਦੀ ਸਖ਼ਤ ਨਿੰਦਾ ਕੀਤੀ ਸੀ। ਗੁਟੇਰੇਸ ਨੇ ਗੈਂਗਰੇਪ ਨੂੰ ਹੌਲਨਾਕ ਦੱਸਦਿਆਂ ਕਿਹਾ ਸੀ ਕਿ ਉਮੀਦ ਹੈ ਕਿ ਭਾਰਤੀ ਅਧਿਕਾਰੀ ਅਪਰਾਧੀਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣਗੇ ਤਾਂ ਕਿ ਬੱਚੀ ਨਾਲ ਰੇਪ ਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।
ਕਠੂਆ ਵਿੱਚ ਹੋਈ ਸੀ ਮਨੁੱਖਤਾ ਸ਼ਰਮਸਾਰ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਰਾਸਨਾ ਜੰਗਲ ਵਿੱਚ ਜਨਵਰੀ ਮਹੀਨੇ ਆਪਣੇ ਖੱਚਰ ਚਰਾਉਣ ਗਈ ਬਰਰਵਾਲ ਭਾਈਚਾਰੇ ਦੀ ਅੱਠ ਸਾਲ ਦੀ ਲੜਕੀ ਲਾਪਤਾ ਹੋ ਗਈ ਸੀ। ਇੱਕ ਹਫ਼ਤੇ ਬਾਅਦ ਉਸ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਸ ਨੂੰ ਇੱਕ ਮੰਦਰ ਦੇ ਅੰਦਰ ਬੰਧਕ ਬਣਾ ਕੇ ਰੱਖਿਆ ਗਿਆ ਸੀ ਤੇ ਗੈਂਗਰੇਪ ਤੋਂ ਪਹਿਲਾਂ ਉਸ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਗਈਆਂ। ਇੱਕ ਹਫ਼ਤੇ ਤੋਂ ਜ਼ਿਆਦਾ ਭੁੱਖਾ ਰੱਖ ਕੇ ਗੈਂਗਰੇਪ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਸਿਰ ਵਿੱਚ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ।